CM ਮਾਨ ਖ਼ਿਲਾਫ਼ ਹਰਸਿਮਰਤ ਬਾਦਲ ਨੇ ਮਹਿਲਾ ਕਮਿਸ਼ਨ ਕੋਲ ਕੀਤੀ ਸ਼ਿਕਾਇਤ

CM ਮਾਨ ਖ਼ਿਲਾਫ਼ ਹਰਸਿਮਰਤ ਬਾਦਲ ਨੇ ਮਹਿਲਾ ਕਮਿਸ਼ਨ ਕੋਲ ਕੀਤੀ ਸ਼ਿਕਾਇਤ

ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਮੋਰਚਾ ਖੋਲ੍ਹਦਿਆਂ ਉਨ੍ਹਾਂ ਖ਼ਿਲਾਫ਼ ਕੌਮੀ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਹਰਸਿਮਰਤ ਕੌਰ ਬਾਦਲ ਨੇ ਟਵੀਟਰ ਰਾਹੀਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਿਆ ਰਾਹਤਕਰ ਨੂੰ ਅਪੀਲ ਕੀਤੀ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਔਰਤਾਂ ਵਿਰੁੱਧ ਕੀਤੀਆਂ ਗਈਆਂ ਕਥਿਤ ਤੌਰ 'ਤੇ ਮਹਿਲਾ ਵਿਰੋਧੀ, ਅਪਮਾਨਜਨਕ ਅਤੇ ਅਸ਼ਲੀਲ ਟਿੱਪਣੀਆਂ ਦਾ ਸਖ਼ਤ ਨੋਟਿਸ ਲੈਣ। ਹਰਸਿਮਰਤ ਕੌਰ ਬਾਦਲ ਨੇ ਆਪਣੀ ਸ਼ਿਕਾਇਤ 'ਚ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਮੁੱਖ ਮੰਤਰੀ ਵਿਰੁੱਧ ਐਫ.ਆਈ.ਆਰ. (FIR) ਦਰਜ ਕਰਨ ਦੇ ਨਿਰਦੇਸ਼ ਜਾਰੀ ਕਰਨ।

ਕਮਿਸ਼ਨ ਦੇ ਚੇਅਰਪਰਸਨ ਨੂੰ ਲਿਖੇ ਪੱਤਰ ਹਰਸਿਮਰਤ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇਂ ਉਹ ਔਰਤਾਂ ਨੂੰ ਪੀਲਾ ਭੂੰਡ ਅਤੇ ਪਾਕਿਸਤਾਨ ਦਾ ਝੰਡਾ ਕਰਾਰ ਦਿੰਦੇ ਸਨ ਤੇ ਜਿਹੋ ਜਿਹਾ ਸੂਟ ਪਾਇਆ ਹੁੰਦਾ ਸੀ, ਉਸ ਮੁਤਾਬਕ ਟਿੱਪਣੀਆਂ ਕਰਦੇ ਸਨ ਤੇ ਆਪਣੇ ਦੋਸਤਾਂ ਨੂੰ ਝੂਠ ਬੋਲਦੇ ਸਨ ਕਿ ਉਨ੍ਹਾਂ ਦਾ ਕੁੜੀ ਨਾਲ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਮੰਦਭਾਗੀ ਗੱਲ ਹੈ ਕਿ ਕਾਲਜ ਦਿਨਾਂ ਵਿਚ ਕੁੜੀਆਂ ਵਿਚੋਂ ਇਕ ਜਿਸਨੇ ਉਨ੍ਹਾਂ ਨਾਲ ਦੋਸਤੀ ਕਰਨ ਤੋਂ ਨਾਂਹ ਕਰ ਦਿੱਤੀ ਸੀ ਨੂੰ ਕਾਲਜ ਵਿਚ ਉਨ੍ਹਾਂ ਦਾ ਸਵਾਗਤ ਕਰਨ ਵਾਸਤੇ ਮਜ਼ਬੂਰ ਹੋਣਾ ਪਿਆ ਜਿਥੇ ਉਹ ਮੁੱਖ ਮਹਿਮਾਨ ਵਜੋਂ ਗਏ ਸਨ।

ਬੀਬਾ ਬਾਦਲ ਨੇ ਕਿਹਾ ਕਿ ਜਿਸ ਤਰੀਕੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ ਅਕਾਦਮਿਕ ਭਾਈਚਾਰੇ ਦੇ ਸਾਹਮਣੇ ਅਜਿਹੀਆਂ ਗੱਲਾਂ ਕੀਤੀਆਂ ਗਈਆਂ, ਉਸ ਨਾਲ ਔਰਤਾਂ ਦੇ ਮਾਣ ਸਨਮਾਨ ਨੂੰ ਵੱਡੀ ਠੇਸ ਪਹੁੰਚੀ ਹੈ ਤੇ ਗੁੰਡਾਗਰਦੀ, ਛੇੜਛਾੜ ਤੇ ਔਰਤਾਂ ਪ੍ਰਤੀ ਮੰਦੀ ਸ਼ਬਦਾਵਲੀ ਬੋਲਣ ਨੂੰ ਉਤਸ਼ਾਹ ਮਿਲਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਵਿਧਾਨਕ ਅਹੁਦੇ ’ਤੇ ਬੈਠੇ ਅਤੇ ਸਰਕਾਰ ਦੇ ਮੁਖੀ ਇਕ ਵਿਅਕਤੀ ਨੂੰ ਅਜਿਹੀਆਂ ਗੱਲਾਂ ਸੋਭਦੀਆਂ ਨਹੀਂ ਹਨ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਭਗਵੰਤ ਮਾਨ ਨੇ ਕਾਲਜ ਵਿਦਿਆਰਥੀਆਂ ਦੇ ਸਾਹਮਣੇ ਅਜਿਹੇ ਅਪਮਾਨਜਨਕ ਸ਼ਬਦ ਵਰਤੇ ਹਨ ਜਿਸ ਤੋਂ ਖ਼ਤਰਨਾਕ ਸੰਦੇਸ਼ ਗਿਆ ਹੈ ਕਿ ਔਰਤਾਂ ਦੇ ਮਾਣ ਸਨਮਾਨ ਤੇ ਪਛਾਣ ਨੂੰ ਸਿਰਫ ਹਾਸੇ ਮਜ਼ਾਕ ਤੇ ਸਸਤੇ ਮਖੌਲ ਵਾਸਤੇ ਘਟਾ ਕੇ ਪੇਸ਼ ਕੀਤਾ ਜਾ ਸਕਦਾ ਹੈ।

                              Image

ਬੀਬਾ ਬਾਦਲ ਨੇ ਕਿਹਾ ਕਿ ਇਹ ਜਿਣਸੀ ਛੇੜਛਾੜ (ਧਾਰਾ 74), ਔਰਤ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ (ਧਾਰਾ 79) ਅਤੇ ਔਰਤ ਨੂੰ ਬੇਪਤ ਕਰਨ ਦਾ ਇਰਾਦਾ ਕਰਨਾ (ਧਾਰਾ 75) ਬੀ ਐਨ ਐਸ ਦੇ ਤਹਿਤ ਕੇਸ ਦਰਜ ਕਰਨ ਦਾ ਸਹੀ ਕੇਸ ਬਣਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਸੰਵਿਧਾਨ ਦੀ ਧਾਰਾ 14, 15 ਅਤੇ 21 ਦੇ ਤਹਿਤ ਬਿਨਾਂ ਲਿੰਗ ਭੇਦ ਦੇ ਬਰਾਬਰੀ ਦੇ ਦਿੱਤੇ ਅਧਿਕਾਰ ਦੇ ਵੀ ਉਲਟ ਹੈ। ਸਰਦਾਰਨੀ ਬਾਦਲ ਨੇ ਆਪਣੇ ਪੱਤਰ ਵਿਚ ਇਹ ਵੀ ਕਿਹਾ ਕਿ ਜਨਤਕ ਤੌਰ ’ਤੇ ਔਰਤਾਂ ਦੇ ਮਾਣ ਸਨਮਾਨ ਨਾਲ ਕਿਸੇ ਵੀ ਤਰੀਕੇ ਸਮਝੌਤਾ ਨਹੀਂ ਹੋਣਾ ਚਾਹੀਦਾ ਖਾਸ ਤੌਰ ’ਤੇ ਜਦੋਂ ਬਿਆਨਬਾਜ਼ੀ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੋਵੇ ਜਿਹਨਾਂ ਦੇ ਮੋਢਿਆਂ ’ਤੇ ਸਰਕਾਰ ਚਲਾਉਣ ਤੇ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੋਵੇ। ਉਨ੍ਹਾਂ ਕਿਹਾ ਕਿ ਮੈਂ ਆਸ ਕਰਦੀ ਹਾਂ ਕਿ ਕੌਮੀ ਮਹਿਲਾ ਕਮਿਸ਼ਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਮਾਮਲੇ ਵਿਚ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਦੇ ਹੁਕਮ ਦੇਵੇ।