ਹਰਸਿਮਰਤ ਬਾਦਲ ਨੇ  ''ਆਪ'' ਸਰਕਾਰ ਘੇਰੀ ਤੇ ਕਿਹਾ,"ਸਾਡੇ ਧਾਰਮਿਕ ਸਥਾਨਾਂ ਨੂੰ ਤਾਂ ਬਖ਼ਸ਼ ਦੇਣ CM ਮਾਨ"

ਹਰਸਿਮਰਤ ਬਾਦਲ ਨੇ  ''ਆਪ'' ਸਰਕਾਰ ਘੇਰੀ ਤੇ ਕਿਹਾ,

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖਾ ਹਮਲਾ ਕਰਦਿਆਂ ਧਾਰਮਿਕ ਸਥਾਨਾਂ ਦੀ ਮਰਿਆਦਾ ਭੰਗ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਵਰਕਰਾਂ ਨੂੰ ਖ਼ੁਸ਼ ਕਰਨ ਲਈ ਧਾਰਮਿਕ ਸਥਾਨਾਂ ਦੀ ਬੇਅਦਬੀ ਕਰ ਰਹੀ ਹੈ।

ਹਰਸਿਮਰਤ ਕੌਰ ਬਾਦਲ ਨੇ ਸੂਬਾ ਸਰਕਾਰ ਦੀ 'ਤੀਰਥ ਯਾਤਰਾ' ਸਕੀਮ ਦੀ ਨਿਖੇਧੀ ਕਰਦੇ ਕਿਹਾ ਕਿ ਤੀਰਥ ਯਾਤਰਾ ਦੇ ਨਾਮ 'ਤੇ ਪੰਜਾਬ ਦੇ ਖਜ਼ਾਨੇ 'ਚੋਂ ਆਪਣੇ ਵਰਕਰਾਂ ਅਤੇ ਆਗੂਆਂ ਨੂੰ ਐਸ਼-ਪ੍ਰਸਤੀ ਕਰਵਾਈ ਜਾ ਰਹੀ ਹੈ। ਉਨ੍ਹਾਂ ਅਫਸੋਸ ਜਤਾਇਆ ਕਿ ਇਸ ਸਰਕਾਰ ਨੇ ਪਵਿੱਤਰ 'ਤੀਰਥ' ਸ਼ਬਦ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਇਸ ਦੀ ਮਰਿਆਦਾ ਨੂੰ ਢਾਹ ਲਾਈ ਹੈ।

                             Image

ਸਰਕਾਰ 'ਤੇ ਬੇਅਦਬੀਆਂ ਕਰਵਾਉਣ ਦਾ ਦੋਸ਼ ਲਾਉਂਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਤੀਰਥ ਯਾਤਰਾ ਦੌਰਾਨ ਮੀਟ ਅਤੇ ਸ਼ਰਾਬ ਦਾ ਵਰਤਿਆ ਜਾਣਾ ਇਹ ਦੱਸਦਾ ਹੈ ਕਿ ਸਰਕਾਰ ਬੇਅਦਬੀ ਦੇ ਮਾਮਲਿਆਂ ਪ੍ਰਤੀ ਕਿੰਨੀ ਕੁ ਸੰਜੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਖ਼ੁਦ ਬੇਅਦਬੀਆਂ ਕਰਵਾ ਰਹੀ ਹੈ ਅਤੇ ਧਾਰਮਿਕ ਸਥਾਨਾਂ 'ਤੇ ਬੇਅਦਬੀਆਂ ਕਰਨ ਵਾਲੇ ਕੋਈ ਹੋਰ ਨਹੀਂ ਸਗੋਂ ਇਨ੍ਹਾਂ ਦੇ ਆਪਣੇ ਹੀ ਆਗੂ ਅਤੇ ਵਰਕਰ ਹਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਅਜਿਹੇ ਕੰਮ ਕਰ ਰਹੀ ਹੈ ਜੋ ਪਿਛਲੇ 70 ਸਾਲਾਂ 'ਚ ਕਿਸੇ ਹੋਰ ਸਰਕਾਰ ਨੇ ਸੋਚੇ ਵੀ ਨਹੀਂ ਸੀ। ਬੀਬੀ ਬਾਦਲ ਨੇ ਮੁੱਖ ਮੰਤਰੀ ਨੂੰ ਸਖ਼ਤ ਸ਼ਬਦਾਂ ਵਿੱਚ ਅਪੀਲ ਕੀਤੀ ਕਿ ਉਹ ਘੱਟੋ-ਘੱਟ ਧਾਰਮਿਕ ਸਥਾਨਾਂ ਨੂੰ ਤਾਂ ਬਖ਼ਸ਼ ਦੇਣ।