- Updated: April 14, 2026 01:29 PM
ਮੋਹਾਲੀ ਦੇ ਫੇਜ਼-1 ਸਥਿਤ ਖੋਖਾ ਮਾਰਕੀਟ 'ਚ ਇੱਕ ਬਹੁਤ ਹੀ ਮੰਦਭਾਗੀ ਅਤੇ ਦਰਦਨਾਕ ਘਟਨਾ ਵਾਪਰੀ, ਜਿੱਥੇ ਇੱਕ 4 ਸਾਲਾ ਬੱਚੀ ਦੀ ਕਾਰ ਹੇਠ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਅਨੁਸ਼ਕਾ ਵਜੋਂ ਹੋਈ ਹੈ, ਜੋ ਆਪਣੇ ਮਾਪਿਆਂ ਅਤੇ ਛੋਟੇ ਭਰਾ ਨਾਲ ਬਜ਼ਾਰ 'ਚ ਖ਼ਰੀਦਦਾਰੀ ਕਰਨ ਆਈ ਸੀ। ਜਾਣਕਾਰੀ ਅਨੁਸਾਰ ਜਦੋਂ ਪਰਿਵਾਰ ਮਾਰਕੀਟ 'ਚ ਸੀ ਤਾਂ ਅਚਾਨਕ ਅਨੁਸ਼ਕਾ ਦਾ ਹੱਥ ਆਪਣੀ ਮਾਂ ਦੇ ਹੱਥੋਂ ਛੁੱਟ ਗਿਆ ਅਤੇ ਉਹ ਜ਼ਮੀਨ 'ਤੇ ਡਿੱਗ ਪਈ। ਇਸੇ ਦੌਰਾਨ ਹਰਿਆਣਾ ਨੰਬਰ ਦੀ ਇੱਕ ਗੱਡੀ, ਜੋ ਪਾਰਕਿੰਗ ਵੱਲ ਜਾ ਰਹੀ ਸੀ, ਉਸ ਦੇ ਉੱਪਰੋਂ ਲੰਘ ਗਈ। ਗੱਡੀ ਚਾਲਕ ਨੂੰ ਬੱਚੀ ਦੇ ਡਿੱਗਣ ਦਾ ਪਤਾ ਨਹੀਂ ਲੱਗਿਆ ਅਤੇ ਗੱਡੀ ਦਾ ਅਗਲਾ ਟਾਇਰ ਮਾਸੂਮ ਦੇ ਉੱਪਰ ਚੜ੍ਹ ਗਿਆ।
ਗੰਭੀਰ ਹਾਲਤ 'ਚ ਬੱਚੀ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਗੱਡੀ ਚਾਲਕ ਬੱਚੀ ਨੂੰ ਹਸਪਤਾਲ ਤਾਂ ਲੈ ਕੇ ਗਿਆ ਪਰ ਉੱਥੇ ਉਨ੍ਹਾਂ ਨੂੰ ਉਤਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਲੋਕਾਂ ਨੇ ਗੱਡੀ ਦਾ ਨੰਬਰ ਨੋਟ ਕਰ ਲਿਆ ਹੈ ਅਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਵੀ ਕੈਦ ਹੋ ਗਈ ਹੈ।
ਮ੍ਰਿਤਕ ਬੱਚੀ ਦਾ ਪਰਿਵਾਰ ਮਟੌਰ 'ਚ ਰਹਿ ਕੇ ਕਾਰਪੈਂਟਰ ਦਾ ਕੰਮ ਕਰਦਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਰੋਜ਼ੀ-ਰੋਟੀ ਲਈ ਮੋਹਾਲੀ ਰਹਿ ਰਿਹਾ ਸੀ। ਪੁਲਸ ਹੁਣ ਸੀ. ਸੀ. ਟੀ. ਵੀ. ਫੁਟੇਜ ਅਤੇ ਗੱਡੀ ਦੇ ਨੰਬਰ ਦੇ ਆਧਾਰ 'ਤੇ ਚਾਲਕ ਦੀ ਭਾਲ ਕਰ ਰਹੀ ਹੈ।