- Updated: May 13, 2026 10:38 PM
ਉੱਤਰ ਪ੍ਰਦੇਸ਼ ਵਿੱਚ ਬੁੱਧਵਾਰ ਨੂੰ ਆਏ ਭਿਆਨਕ ਹਨ੍ਹੇਰੀ-ਤੂਫ਼ਾਨ, ਭਾਰੀ ਮੀਂਹ ਅਤੇ ਗੜੇਮਾਰੀ ਨੇ ਭਾਰੀ ਤਬਾਹੀ ਮਚਾਈ ਹੈ। ਕੁਦਰਤ ਦੇ ਇਸ ਕਹਿਰ ਕਾਰਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹੁਣ ਤੱਕ 56 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਹੋਰ ਜ਼ਖਮੀ ਹੋਏ ਹਨ। ਮੌਸਮ ਵਿਭਾਗ ਨੇ ਸੂਬੇ ਦੇ 38 ਜ਼ਿਲ੍ਹਿਆਂ ਵਿੱਚ ਮੀਂਹ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਦਾ 'ਯੈਲੋ ਅਲਰਟ' ਜਾਰੀ ਕੀਤਾ ਹੈ।
ਵੱਖ-ਵੱਖ ਜ਼ਿਲ੍ਹਿਆਂ 'ਚ ਹੋਇਆ ਜਾਨੀ ਨੁਕਸਾਨ
ਸਰਕਾਰੀ ਅੰਕੜਿਆਂ ਅਨੁਸਾਰ ਸਭ ਤੋਂ ਵੱਧ ਨੁਕਸਾਨ ਬਦਾਯੂੰ ਅਤੇ ਫਤਿਹਪੁਰ ਵਿੱਚ ਹੋਇਆ ਹੈ, ਜਿੱਥੇ 5-5 ਲੋਕਾਂ ਦੀ ਜਾਨ ਚਲੀ ਗਈ ਹੈ। ਭਦੋਹੀ ਵਿੱਚ ਇੱਕ ਮਕਾਨ 'ਤੇ ਨਿੰਮ ਦਾ ਦਰੱਖਤ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਉਨਾਓ ਵਿੱਚ ਇੱਕ ਮਾਸੂਮ ਬੱਚੇ ਸਮੇਤ 3 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਉਨਾਓ ਦੇ ਦਹੀ ਥਾਣਾ ਖੇਤਰ ਵਿੱਚ ਇੱਕ 70 ਸਾਲਾ ਬਜ਼ੁਰਗ ਅਤੇ ਆਸੀਵਨ ਖੇਤਰ ਵਿੱਚ ਇੱਕ 9 ਸਾਲਾ ਬੱਚੇ 'ਤੇ ਦਰੱਖਤ ਡਿੱਗਣ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ।
80 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ
ਬੁੱਧਵਾਰ ਦੁਪਹਿਰ ਨੂੰ ਪੱਛਮੀ ਗੜਬੜੀ ਕਾਰਨ ਮੌਸਮ ਵਿੱਚ ਅਚਾਨਕ ਤਬਦੀਲੀ ਆਈ। ਪ੍ਰਯਾਗਰਾਜ, ਜੌਨਪੁਰ, ਪ੍ਰਤਾਪਗੜ੍ਹ ਅਤੇ ਬਾਂਦਾ ਵਿੱਚ ਆਂਧੀ ਦੀ ਰਫ਼ਤਾਰ 80 ਕਿਲੋਮੀਟਰ ਪ੍ਰਤੀ ਘੰਟਾ ਤੱਕ ਦਰਜ ਕੀਤੀ ਗਈ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ 'ਤੇ ਦਰੱਖਤ ਉਖੜ ਗਏ, ਬਿਜਲੀ ਦੇ ਖੰਭੇ ਅਤੇ ਸਾਈਨ ਬੋਰਡ ਡਿੱਗ ਪਏ ਅਤੇ ਕਈ ਘਰਾਂ ਦੇ ਟੀਨ ਸ਼ੈੱਡ ਉੱਡ ਗਏ। ਉਨਾਓ ਅਤੇ ਪ੍ਰਯਾਗਰਾਜ ਵਿੱਚ ਭਾਰੀ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ।
ਲਖਨਊ ਮੌਸਮ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਅਨੁਸਾਰ, ਅਗਲੇ 24 ਘੰਟਿਆਂ ਦੌਰਾਨ ਲਖਨਊ, ਉਨਾਓ ਅਤੇ ਸੀਤਾਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, 15 ਮਈ ਤੋਂ ਗਰਮੀ ਦਾ ਕਹਿਰ ਫਿਰ ਤੋਂ ਵਧਣ ਦੀ ਉਮੀਦ ਹੈ, ਜਿੱਥੇ ਤਾਪਮਾਨ ਵਿੱਚ 6 ਤੋਂ 8 ਡਿਗਰੀ ਦਾ ਵਾਧਾ ਹੋ ਸਕਦਾ ਹੈ ਅਤੇ ਪਾਰਾ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਸਕਦਾ ਹੈ।
ਪ੍ਰਸ਼ਾਸਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।