ਸ੍ਰੀ ਹੇਮਕੁੰਟ ਸਾਹਿਬ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਹਾਦਸਾਗ੍ਰਸਤ, ਨੈਸ਼ਨਲ ਹਾਈਵੇਅ ''ਤੇ ਲੱਗਾ ਜਾਮ

ਸ੍ਰੀ ਹੇਮਕੁੰਟ ਸਾਹਿਬ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਹਾਦਸਾਗ੍ਰਸਤ, ਨੈਸ਼ਨਲ ਹਾਈਵੇਅ ''ਤੇ ਲੱਗਾ ਜਾਮ

ਨੈਸ਼ਨਲ ਹਾਈਵੇਅ 'ਤੇ ਅੱਜ ਲਾਡੋਵਾਲ ਚੌਕ ਵਿਚ ਇਕ ਤੇਜ਼ ਰਫ਼ਤਾਰ ਟਰਾਲਾ ਚਾਲਕ ਨੇ ਤੇਜ਼ ਰਫ਼ਤਾਰ ਨਾਲ ਟਰਾਲਾ ਚਲਾਉਂਦਿਆਂ ਅੱਗੇ ਜਾ ਰਹੀ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਫਾਰਚੂਨਰ ਵਿਚ ਸਵਾਰ ਪਰਿਵਾਰ ਦੇ ਕਈ ਮੈਂਬਰ ਜ਼ਖ਼ਮੀ ਹੋ ਗਏ ਤੇ ਟਰਾਲਾ ਬੇਕਾਬੂ ਹੋ ਕੇ ਫੁੱਟਪਾਥ 'ਤੇ ਜਾ ਚੜ੍ਹਿਆ ਤੇ ਹਾਈਵੇਅ ਦੇ ਦੂਜੇ ਪਾਸੇ ਸੜਕ 'ਤੇ ਚਲਿਆ ਗਿਆ। ਹਾਦਸਾ ਇੰਨਾ ਜ਼ਬਦਸਤ ਸੀ ਕਿ ਨੈਸ਼ਨਲ ਹਾਈਵੇਅ ਉੱਪਰ ਦੋਵਾਂ ਸੜਕਾਂ 'ਤੇ ਭਾਰੀ ਜਾਮ ਲੱਗ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਲਾਡੋਵਾਲ ਦੀ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ ਤੇ ਟਰਾਲਾ ਚਾਲਕ ਨੂੰ ਕਾਬੂ ਕੀਤਾ ਗਿਆ। ਜਾਂਚ ਅਧਿਕਾਰੀ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਫਾਰਚੂਨਰ ਚਾਲਕ ਆਪਣੇ ਪਰਿਵਾਰ ਦੇ ਨਾਲ ਸ੍ਰੀ ਹੇਕਮੁੰਟ ਸਾਹਿਬ ਤੋਂ ਮੱਥਾ ਟੇਕ ਕੇ ਪਠਾਨਕੋਟ ਪਰਤ ਰਿਹਾ ਸੀ। ਇਸ ਦੌਰਾਨ ਲਾਡੋਵਾਲ ਚੌਕ ਵਿਚ ਮਗਰੋਂ ਇਕ ਤੇਜ਼ ਰਫ਼ਤਾਰ ਟਰਾਲਾ ਚਾਲਕ ਨੇ ਫਾਰਚੂਨਰ ਗੱਡੀ ਨੂੰ ਮਗਰੋਂ ਜ਼ਬਰਦਸਤ ਟੱਕਰ ਮਾਰ ਦਿੱਤੀ ਤੇ ਟਰਾਲਾ ਚਾਲਕ ਖ਼ੁਦ ਬੇਕਾਬੂ ਹੋ ਕੇ ਫੁੱਟਪਾਥ 'ਤੇ ਜਾ ਚੜ੍ਹਿਆ ਤੇ ਨੈਸ਼ਨਲ ਹਾਈਵੇਅ ਦੇ ਦੂਜੇ ਪਾਸੇ ਚਲਿਆ ਗਿਆ। 

ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਇਕ ਵੱਡਾ ਬਚਾਅ ਹੋ ਗਿਆ, ਕਿਉਂਕਿ ਕੁਝ ਦੇਰ ਪਹਿਲਾਂ ਹੀ ਨੈਸ਼ਨਲ ਹਾਈਵੇਅ 'ਤੇ ਸਥਿਤ ਸਰਕਾਰੀ ਸਕੂਲ ਵਿਚ ਬੱਚਿਆਂ ਦੀ ਛੁੱਟੀ ਹੋਈ ਸੀ ਤੇ ਜ਼ਿਆਦਾਤਰ ਬੱਚੇ ਨੈਸ਼ਨਲ ਹਾਈਵੇਅ ਪਾਰ ਕਰ ਕੇ ਜਾ ਚੁੱਕੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਫਾਰਚੂਨਰ ਵਿਚ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੇ ਤਕਰੀਬਨ 5 ਬੱਚੇ ਸਵਾਰ ਸਨ, ਜਿਨ੍ਹਾਂ ਵਿਚੋਂ ਕੁਝ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਨੇੜਲੇ ਡਾਕਟਰ ਦੇ ਕੋਲ ਇਲਾਜ ਲਈ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪੁਲਸ ਵੱਲੋਂ ਟਰਾਲਾ ਚਾਲਕ ਨੂੰ ਕਾਬੂ ਕਰ ਕੇ ਥਾਣਾ ਲਾਡੋਵਾਲ ਵਿਚ ਲਿਜਾਇਆ ਗਿਆ ਹ ਤੇ ਅੱਗੇ ਦੀ ਕਾਰਵਾਈ ਫਾਰਚੂਨਰ ਗੱਡੀ ਦੇ ਚਾਲਕ ਦੇ ਬਿਆਨਾਂ ਦੇ ਅਧਾਰ 'ਤੇ ਕੀਤੀ  ਜਾਵੇਗੀ। 

ਨੈਸ਼ਨਲ ਹਾਈਵੇਅ 'ਤੇ ਲੱਗਿਆ ਜਾਮ

ਲਾਡੋਵਾਲ ਚੌਕ ਵਿਚ ਟਰਾਲਾ ਚਾਲਕ ਤੇ ਫਾਰਚੂਨਰ ਗੱਡੀ ਵਿਚਾਲੇ ਟੱਕਰ ਹੋਣ ਮਗਰੋਂ ਨੈਸ਼ਨਲ ਹਾਈਵੇਅ ਦੇ ਉੱਪਰ ਦੋਵੇਂ ਸੜਕਾਂ 'ਤੇ ਭਾਰੀ ਜਾਮ ਲੱਗ ਗਿਆ ਤੇ ਵੇਖਦੇ ਹੀ ਵੇਖਦੇ ਨੈਸ਼ਨਲ ਹਾਈਵੇਅ ਦੇ ਉੱਪਰ ਦੋਵਾਂ ਸੜਕਾਂ ਉੱਪਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਮਗਰੋਂ ਮੌਕੇ 'ਤੇ ਮੌਜੂਦ ਟ੍ਰੈਫ਼ਿਕ ਪੁਲਸ ਤੇ ਥਾਣਾ ਲਾਡੋਵਾਲ ਦੀ ਪੁਲਸ ਵੱਲੋਂ ਬੜੀ ਮੁਸ਼ੱਕਤ ਕਰਦਿਆਂ ਟ੍ਰੈਫ਼ਿਕ ਜਾਮ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਗਈ। ਤਕਰੀਬਨ ਅੱਧੇ ਘੰਟੇ ਦੀ ਮੁਸ਼ੱਕਤ ਮਗਰੋਂ ਨੈਸ਼ਨਲ ਹਾਈਵੇਅ ਉੱਪਰ ਟ੍ਰੈਫ਼ਿਕ ਜਾਮ ਨੂੰ ਬਹਾਲ ਕਰਵਾਇਆ ਗਿਆ ਤੇ ਹਾਦਸਾਗ੍ਰਸਤ ਦੋਹਾਂ ਵਾਹਨਾਂ ਨੂੰ ਥਾਣਾ ਲਾਡੋਵਾਲ ਲਿਜਾਇਆ ਗਿਆ।