ਪਾਕਿਸਤਾਨ : ਹੋਲੀ ਖੇਡਣ ‘ਤੇ ਪੰਜਾਬ ਯੂਨੀਵਰਸਿਟੀ ‘ਚ ਹਿੰਦੂ ਵਿਦਿਆਰਥੀਆਂ ਨੂੰ ਕੁੱਟਿਆ, 15 ਫੱਟੜ

ਪਾਕਿਸਤਾਨ : ਹੋਲੀ ਖੇਡਣ ‘ਤੇ ਪੰਜਾਬ ਯੂਨੀਵਰਸਿਟੀ ‘ਚ ਹਿੰਦੂ ਵਿਦਿਆਰਥੀਆਂ ਨੂੰ ਕੁੱਟਿਆ, 15 ਫੱਟੜ

ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ‘ਚ ਸੋਮਵਾਰ ਨੂੰ ਹੋਲੀ ਖੇਡ ਰਹੇ ਕੁਝ ਹਿੰਦੂ ਵਿਦਿਆਰਥੀਆਂ ‘ਤੇ ਹਮਲਾ ਕੀਤਾ ਗਿਆ। ਕੱਟੜਪੰਥੀ ਇਸਲਾਮੀ ਵਿਦਿਆਰਥੀ ਸੰਗਠਨ ਇਸਲਾਮੀ ਜਮੀਅਤ ਤੁਲਬਾ (ਆਈਜੇਟੀ) ਨਾਲ ਸਬੰਧਤ ਲੋਕਾਂ ਨੇ ਹਿੰਦੂ ਵਿਦਿਆਰਥੀਆਂ ਨੂੰ ਕੁੱਟਿਆ, ਜਿਸ ਵਿੱਚ 15 ਵਿਦਿਆਰਥੀ ਜ਼ਖ਼ਮੀ ਹੋ ਗਏ। ਹਾਲਾਂਕਿ, ਆਈਜੇਟੀ ਨੇ ਹਮਲੇ ਤੋਂ ਇਨਕਾਰ ਕੀਤਾ ਹੈ। ਇਸ ਮਾਮਲੇ ਨਾਲ ਜੁੜੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਪੰਜਾਬ ਯੂਨੀਵਰਸਿਟੀ ਦੇ ਪੀਯੂ ਲਾਅ ਕਾਲਜ ਵਿੱਚ 30 ਦੇ ਕਰੀਬ ਵਿਦਿਆਰਥੀ ਹੋਲੀ ਖੇਡਣ ਲਈ ਇਕੱਠੇ ਹੋਏ ਸਨ। ਵਿਦਿਆਰਥੀਆਂ ਮੁਤਾਬਕ ਉਨ੍ਹਾਂ ਨੇ ਇਸ ਲਈ ਕਾਲਜ ਪ੍ਰਸ਼ਾਸਨ ਤੋਂ ਮਨਜ਼ੂਰੀ ਵੀ ਲਈ ਸੀ। ਸਿੰਧ ਕੌਂਸਲ ਦੇ ਜਨਰਲ ਸਕੱਤਰ ਕਾਸ਼ਿਫ ਬ੍ਰੋਹੀ ਨੇ ਦੱਸਿਆ- ਇਵੈਂਟ ਦੌਰਾਨ ਅਚਾਨਕ ਆਈਜੇਟੀ ਦੇ ਲੋਕ ਉੱਥੇ ਆ ਗਏ ਅਤੇ ਲੜਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਹੋਲੀ ਮਨਾਉਣ ਬਾਰੇ ਜਾਣਕਾਰੀ ਹਾਸਲ ਕੀਤੀ।

ਹਮਲੇ ਤੋਂ ਬਾਅਦ ਵਿਦਿਆਰਥੀ ਵਾਈਸ-ਚਾਂਸਲਰ ਦਫਤਰ ਦੇ ਬਾਹਰ ਧਰਨਾ ਦੇਣ ਪਹੁੰਚੇ ਸਨ। ਇੱਥੇ ਕਈ ਗਾਰਡਾਂ ਨੇ ਵੀ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ। ਗਾਰਡਾਂ ਨੇ ਕਰੀਬ 5-6 ਵਿਦਿਆਰਥੀਆਂ ਨੂੰ ਵੈਨ ਵਿੱਚ ਬੰਦ ਕਰ ਦਿੱਤਾ ਤਾਂ ਜੋ ਉਹ ਵਿਰੋਧ ਨਾ ਕਰ ਸਕਣ। ਝੜਪ ‘ਚ ਜ਼ਖਮੀ ਹੋਏ ਵਿਦਿਆਰਥੀ ਖੇਤ ਕੁਮਾਰ ਨੇ ਦੱਸਿਆ ਕਿ ਅਸੀਂ ਵਾਈਸ-ਚਾਂਸਲਰ ਦੇ ਦਫਤਰ ਦੇ ਬਾਹਰ ਆਈਜੇਟੀ ਵਰਕਰਾਂ ਦੇ ਵਿਵਹਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ। ਫਿਰ ਕਾਲਜ ਦੇ ਗਾਰਡ ਉੱਥੇ ਆ ਗਏ ਅਤੇ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਅਸੀਂ ਪੁਲਿਸ ਕੋਲ ਸ਼ਿਕਾਇਤ ਕਰਨ ਵੀ ਪਹੁੰਚੇ ਪਰ ਉਨ੍ਹਾਂ ਨੇ ਅਜੇ ਤੱਕ ਸਾਡੀ ਐਫਆਈਆਰ ਦਰਜ ਨਹੀਂ ਕੀਤੀ।

ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ਖੁਰਰਮ ਸ਼ਹਿਜ਼ਾਦ ਨੇ ਕਿਹਾ ਕਿ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਲਾਅਨ ਵਿੱਚ ਹੋਲੀ ਮਨਾਉਣ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਨੂੰ ਅੰਦਰ ਹੋਲੀ ਖੇਡਣ ਲਈ ਕਿਹਾ ਗਿਆ। ਬੁਲਾਰੇ ਮੁਤਾਬਕ ਵਾਈਸ-ਚਾਂਸਲਰ ਦੇ ਹੁਕਮਾਂ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਆਈਜੇਟੀ ਦੇ ਬੁਲਾਰੇ ਇਬਰਾਹਿਮ ਸ਼ਾਹਿਦ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸੰਗਠਨ ਨਾਲ ਜੁੜੇ ਕਿਸੇ ਵਿਦਿਆਰਥੀ ਨੇ ਹਮਲਾ ਨਹੀਂ ਕੀਤਾ ਸੀ। ਉਸ ਦਿਨ ਕਾਲਜ ਵਿਚ ਕੁਰਾਨ ਪੜ੍ਹਨ ਲਈ ਮੀਟਿੰਗ ਬੁਲਾਈ ਗਈ ਸੀ ਅਤੇ ਇਸੇ ਕਾਰਨ ਉਹ ਕੈਂਪਸ ਵਿਚ ਮੌਜੂਦ ਸੀ।