- Updated: August 25, 2023 11:54 AM
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਇੱਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਈ ਹੈ। ਹਨੀਪ੍ਰੀਤ ਨਾਲ ਜੁੜਿਆ ਇਹ ਵਿਵਾਦ ਡੇਰੇ ਵਿਚ ਉਸ ਦੀ ਰਿਹਾਇਸ਼ ਨੂੰ ਲੈ ਕੇ ਪੈਦਾ ਹੋਇਆ ਹੈ। ਇਸ ਸਬੰਧੀ ਦੱਖਣੀ-ਪੱਛਮੀ ਦਿੱਲੀ ਦੇ ਮਹਾਵੀਰ ਐਨਕਲੇਵ ਦੇ ਰਹਿਣ ਵਾਲੇ 50 ਸਾਲਾ ਸੰਜੇ ਝਾਅ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ।
ਦਰਅਸਲ ਡੇਰੇ ਵਿਚ ਰਾਮ ਰਹੀਮ ਦੀ ਰਿਹਾਇਸ਼ ਨੂੰ ਢਾਹ ਕੇ ਨਵੀਂ ਕਲਸ਼ ਦੇ ਆਕਾਰ ਦੀ ਇਮਾਰਤ ਬਣਾਈ ਜਾ ਰਹੀ ਹੈ। ਹਨੀਪ੍ਰੀਤ ਇਸ ਇਮਾਰਤ 'ਚ ਰਹੇਗੀ ਪਰ ਇਮਾਰਤ ਨੂੰ ਕਲਸ਼ ਦਾ ਰੂਪ ਦੇਣ ਕਾਰਨ ਇਹ ਮਾਮਲਾ ਹਾਈਕੋਰਟ 'ਚ ਪਹੁੰਚ ਗਿਆ ਹੈ। ਦਾਇਰ ਪਟੀਸ਼ਨ ਮੁਤਾਬਕ ਕਲਸ਼ ਦੇ ਆਕਾਰ ਦੀ ਇਮਾਰਤ ਦੀ ਉਸਾਰੀ ਦਾ ਮਕਸਦ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਹਿੰਦੂ ਮਿਥਿਹਾਸ ਦੇ ਅਨੁਸਾਰ, ਪਵਿੱਤਰ ਕਲਸ਼ ਨੂੰ ਸਾਰੇ ਦੇਵੀ-ਦੇਵਤਿਆਂ ਦਾ ਅਧਿਆਤਮਿਕ ਨਿਵਾਸ ਮੰਨਿਆ ਜਾਂਦਾ ਹੈ।
ਦਾਇਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਕਲਸ਼ ਸ਼ੁੱਧਤਾ ਦਾ ਪ੍ਰਤੀਕ ਹੈ ਪਰ ਰਾਮ ਰਹੀਮ 'ਤੇ ਬਲਾਤਕਾਰ ਅਤੇ ਕਤਲ ਦਾ ਦੋਸ਼ ਹੈ। ਅਜਿਹੇ ਵਿਚ ਡੇਰਾ ਸਿਰਸਾ ਵਿਚ ਇਮਾਰਤ ਨੂੰ ਕਲਸ਼ ਦਾ ਰੂਪ ਦੇਣਾ ਠੀਕ ਨਹੀਂ ਹੈ। ਪਟੀਸ਼ਨ ਵਿਚ ਇਸ ਤਰ੍ਹਾਂ ਦੇ ਬਦਲਾਅ ਨੂੰ ਸਬੂਤ ਨਸ਼ਟ ਕਰਨਾ ਵੀ ਕਰਾਰ ਦਿੱਤਾ ਗਿਆ ਹੈ ਕਿਉਂਕਿ ਪੁਰਾਣੀ ਇਮਾਰਤ ਅਗਸਤ 2017 ਦੀ ਪੰਚਕੂਲਾ ਹਿੰਸਾ ਦੀ ਸਾਜਿਸ਼ ਰਚਣ ਵਾਲਿਆਂ ਖਿਲਾਫ ਦਰਜ FIR ਦਾ ਹਿੱਸਾ ਹੈ।ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹਿੰਸਾ ਭੜਕੀ ਸੀ।
ਦੋਸ਼ ਹੈ ਕਿ ਨਵੀਂ ਇਮਾਰਤ ਦਾ ਨਿਰਮਾਣ ਡੇਰਾ ਸੱਚਾ ਸੌਦਾ ਦੇ ਟਰੱਸਟ ਬੋਰਡ ਦੀ ਚੇਅਰਮੈਨ ਹਨੀਪ੍ਰੀਤ ਉਰਫ ਪ੍ਰਿਯੰਕਾ ਤਨੇਜਾ ਨੇ ਆਪਣੀ ਰਿਹਾਇਸ਼ ਲਈ ਕੀਤੀ ਹੈ। ਪਟੀਸ਼ਨ ਵਿਚ ਕਲਸ਼ ਦੇ ਆਕਾਰ ਦੇ ਗੈਰ-ਕਾਨੂੰਨੀ ਤੇ ਵਿਵਾਦਗ੍ਰਸਤ ਨਿਰਮਾਣ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ।