ਹੋਰਮੁਜ਼ ’ਚ ਤੇਲ ਟੈਂਕਰ ’ਤੇ ਮਿਜ਼ਾਈਲ ਹਮਲਾ, 5 ਭਾਰਤੀ ਨਾਗਰਿਕ ਸੁਰੱਖਿਅਤ ਰੈਸਕਿਊ

ਹੋਰਮੁਜ਼ ’ਚ ਤੇਲ ਟੈਂਕਰ ’ਤੇ ਮਿਜ਼ਾਈਲ ਹਮਲਾ, 5 ਭਾਰਤੀ ਨਾਗਰਿਕ ਸੁਰੱਖਿਅਤ ਰੈਸਕਿਊ

ਮਿਡਲ ਈਸਟ 'ਚ ਅਮਰੀਕਾ-ਇਰਾਨ ਦੀ ਜੰਗ ਲਗਾਤਾਰ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸ ਵਧਦੇ ਤਣਾਅ ਵਿਚਾਲੇ ਹੋਰਮੁਜ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕੁਵੈਤ ਦੇ ਝੰਡੇ ਵਾਲੇ ਇੱਕ ਤੇਲ ਟੈਂਕਰ 'ਤੇ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ ਹੈ। ਇਸ ਹਮਲੇ ਤੋਂ ਬਾਅਦ ਜਹਾਜ਼ ਸਵਾਰ 5 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ ਗਿਆ ਹੈ। ਓਮਾਨ ਸਥਿਤ ਭਾਰਤੀ ਦੂਤਾਵਾਸ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਇਸ ਰੈਸਕਿਊ ਆਪਰੇਸ਼ਨ ਦੀ ਪੁਸ਼ਟੀ ਕੀਤੀ ਹੈ।

ਹਮਲੇ ਦਾ ਸ਼ਿਕਾਰ ਹੋਏ ਤੇਲ ਟੈਂਕਰ ਦਾ ਨਾਂ 'ਐੱਮ.ਟੀ. ਕਾਜ਼ਿਮਾ 3' ਹੈ, ਜੋ ਕੁਵੈਤੀ ਝੰਡੇ ਹੇਠ ਹੋਰਮੁਜ਼ ਰਾਹੀਂ ਜਾ ਰਿਹਾ ਸੀ। ਓਮਾਨ 'ਚ ਭਾਰਤੀ ਦੂਤਾਵਾਸ ਨੇ 'X' ਪੋਸਟ ਸ਼ੇਅਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਜਹਾਜ਼ 'ਤੇ ਫਸੇ ਸਾਰੇ 5 ਭਾਰਤੀਆਂ ਨੂੰ ਰੈਸਕਿਊ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਉਨ੍ਹਾਂ ਨੂੰ ਸੁਰੱਖਿਅਤ ਸਮੁੰਦਰ ਕਿਨਾਰੇ ਪਹੁੰਚਾ ਦਿੱਤਾ ਗਿਆ ਹੈ। ਭਾਰਤੀ ਮਿਸ਼ਨ ਨੇ ਇਸ ਸਫ਼ਲ ਰੈਸਕਿਊ ਆਪਰੇਸ਼ਨ 'ਚ ਸਹਿਯੋਗ ਦੇਣ ਲਈ ਓਮਾਨ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਹੋਰਮੁਜ਼ ਇਕ ਬੇਹੱਦ ਅਹਿਮ ਤੇ ਤੰਗ ਸਮੁੰਦਰੀ ਰਸਤਾ ਹੈ, ਜੋ ਫ਼ਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਅਤੇ ਅਰਬ ਸਾਗਰ ਨਾਲ ਜੋੜਦਾ ਹੈ। ਦੁਨੀਆ ਦੇ ਕੱਚੇ ਤੇਲ ਦੀ ਸਪਲਾਈ ਦਾ ਇੱਕ ਵੱਡਾ ਹਿੱਸਾ ਇਸੇ ਰਸਤੇ ਤੋਂ ਲੰਘਦਾ ਹੈ। ਅਮਰੀਕਾ-ਇਰਾਨ ਵਿਚਾਲੇ ਛਿੜੀ ਜੰਗ ਅਤੇ ਤਣਾਅ ਕਾਰਨ ਇਸ ਲਾਂਘੇ ਤੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਹਮਲੇ ਲਗਾਤਾਰ ਵਧ ਰਹੇ ਹਨ, ਜਿਸ ਕਾਰਨ ਗਲੋਬਲ ਸ਼ਿਪਿੰਗ ਅਤੇ ਊਰਜਾ ਸੁਰੱਖਿਆ 'ਤੇ ਵੱਡਾ ਖ਼ਤਰਾ ਮੰਡਰਾ ਰਿਹਾ ਹੈ।