''ਆਪ'' ਸਰਪੰਚ ਦਾ ਹੁਸ਼ਿਆਰਪੁਰ ਦੇ ਪਿੰਡ ਆਨੰਦਗੜ੍ਹ ਵਿਚ ਕਤਲ, ਦੋ ਵਾਰ ਗੱਡੀ ਹੇਠ ਦੇ ਕੇ ਦਰੜਿਆ

''ਆਪ'' ਸਰਪੰਚ ਦਾ ਹੁਸ਼ਿਆਰਪੁਰ ਦੇ ਪਿੰਡ ਆਨੰਦਗੜ੍ਹ ਵਿਚ ਕਤਲ, ਦੋ ਵਾਰ ਗੱਡੀ ਹੇਠ ਦੇ ਕੇ ਦਰੜਿਆ

ਹੁਸ਼ਿਆਰਪੁਰ  ਦੇ ਪਿੰਡ ਆਨੰਦਗੜ੍ਹ ਵਿੱਚ ਮੰਗਲਵਾਰ ਰਾਤ 8 ਵਜੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਮੌਜੂਦਾ ਸਰਪੰਚ ਸਤਪਾਲ ਸਿੰਘ ਮਿੰਟਾ ਦਾ ਕਤਲ ਕਰ ਦਿੱਤਾ ਗਿਆ। ਪੰਜ-ਛੇ ਨੌਜਵਾਨਾਂ ਨੇ ਪਹਿਲਾਂ ਸਰਪੰਚ ਨੂੰ ਘਰ ਦੇ ਬਾਹਰੋਂ ਗੱਡੀ ਹਟਾਉਣ ਲਈ ਕਿਹਾ। ਜਦੋਂ ਸਰਪੰਚ ਦਾ ਪੁੱਤਰ ਬਾਹਰ ਆਇਆ, ਤਾਂ ਉਹ ਮੁਲਜ਼ਮ ਤਲਵਾਰਾਂ ਲੈ ਕੇ ਘਰ ਅੰਦਰ ਦਾਖਲ ਹੋ ਗਏ।

ਜਦੋਂ ਸਰਪੰਚ ਨੇ ਬਾਹਰ ਆਇਆ ਤਾਂ ਇੱਕ 'ਆਲਟੋ' ਕਾਰ ਸਵਾਰ ਨੌਜਵਾਨਾਂ ਨੇ ਉਸ ਉੱਪਰ ਗੱਡੀ ਚੜ੍ਹਾ ਦਿੱਤੀ। ਸਰਪੰਚ ਦੇ ਪੁੱਤਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਉਸ ਦੇ ਪਿਤਾ ਉੱਪਰ ਗੱਡੀ ਚੜ੍ਹਾਈ, ਫਿਰ ਗੱਡੀ ਪਿੱਛੇ ਕੀਤੀ ਅਤੇ ਦੁਬਾਰਾ ਉਨ੍ਹਾਂ ਉੱਪਰ ਗੱਡੀ ਚੜ੍ਹਾ ਦਿੱਤੀ।

ਜਦੋਂ ਉਹ ਆਪਣੇ ਜ਼ਖ਼ਮੀ ਪਿਤਾ ਨੂੰ ਹਸਪਤਾਲ ਲੈ ਕੇ ਜਾ ਰਿਹਾ ਸੀ, ਤਾਂ ਇੱਕ 'ਬੋਲੇਰੋ' ਗੱਡੀ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਪਰਿਵਾਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਨੇ ਆਪਣੀ ਗੱਡੀ ਪਿੱਛੇ ਮੋੜ ਕੇ ਉੱਥੋਂ ਬਚ ਨਿਕਲਣ ਵਿੱਚ ਕਾਮਯਾਬੀ ਹਾਸਲ ਕੀਤੀ, ਪਰ ਉਦੋਂ ਤੱਕ ਉਸ ਦੇ ਪਿਤਾ ਦੀਆਂ ਸੱਟਾਂ ਕਾਰਨ ਮੌਤ ਹੋ ਚੁੱਕੀ ਸੀ।

ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਚ ਪਹੁੰਚ ਕੇ ਪੁਲਿਸ ਨੇ ਜਾਣਕਾਰੀ ਇਕੱਠੀ ਕੀਤੀ ਅਤੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚਸ਼ਮਦੀਦ ਗੁਰਿੰਦਰ ਸਿੰਘ ਗੋਲਡੀ ਅਨੁਸਾਰ, ਮੁਲਜ਼ਮ ਤੇਜ਼ਧਾਰ ਹਥਿਆਰਾਂ ਨਾਲ ਕਾਰਾਂ ਵਿੱਚ ਸਵਾਰ ਹੋ ਕੇ ਸਿੱਧੇ ਸਰਪੰਚ ਦੇ ਘਰ ਪਹੁੰਚੇ। ਘਰ ਦੇ ਬਾਹਰ ਖੜ੍ਹੀ ਗੱਡੀ ਨੂੰ ਹਟਾਉਣ ਨੂੰ ਲੈ ਕੇ ਬਹਿਸ ਹੋਈ ਅਤੇ ਬਾਅਦ ਵਿਚ ਹਮਲਾ ਕਰ ਦਿੱਤਾ।

 ਡੀ.ਐਸ.ਪੀ. ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਇੱਕ-ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਰਪੰਚ ਦੀ ਹੱਤਿਆ ਉਸ ਦੇ ਉੱਪਰ ਗੱਡੀ ਚੜ੍ਹਾ ਕੇ ਕੀਤੀ ਗਈ ਸੀ। ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਪੜਤਾਲ ਜਾਰੀ ਹੈ।