- Updated: November 22, 2025 06:59 PM
ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇੱਥੇ ਇੱਕ ਪਤੀ ਨੇ ਆਪਣੀ ਪਤਨੀ ਨੂੰ ਉਸਦੇ ਨਾਜਾਇਜ਼ ਪ੍ਰੇਮੀ ਨਾਲ ਇੱਕ ਹੋਟਲ ਵਿੱਚ ਰੰਗੀ ਹੱਥੀਂ ਫੜਿਆ ਹੈ। ਪਤੀ ਨੇ ਰੋ-ਰੋ ਕੇ ਮੀਡੀਆ ਅੱਗੇ ਦੋਵਾਂ ਦੇ ਰਿਸ਼ਤੇ ਦੀ ਸੱਚਾਈ ਬਿਆਨ ਕੀਤੀ । ਪੀੜਤ ਪਤੀ ਦੀ ਪਛਾਣ ਰਵੀ ਗੁਲਾਟੀ ਵਜੋਂ ਹੋਈ ਹੈ । ਰਵੀ ਗੁਲਾਟੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦਾ ਵਿਆਹ 2010 ਵਿੱਚ ਦਸੂਹਾ ਦੀ ਵਾਸੀ ਹਿਮਾਨੀ ਨਾਲ ਹੋਇਆ ਸੀ । ਉਨ੍ਹਾਂ ਦੱਸਿਆ ਕਿ ਵਿਆਹ ਤੋਂ ਕੁਝ ਸਾਲ ਬਾਅਦ ਹੀ ਉਨ੍ਹਾਂ ਨੇ ਆਪਣੀ ਪਤਨੀ ਨੂੰ ਉਸਦੇ ਪ੍ਰੇਮੀ ਨਾਲ ਗੱਲਬਾਤ ਕਰਦਿਆਂ ਫੜ ਲਿਆ ਸੀ । ਉਸ ਸਮੇਂ, ਦੋਵਾਂ ਪਰਿਵਾਰਾਂ ਦੇ ਭਰੋਸੇ ਅਤੇ ਆਪਣੇ ਦੋ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ, ਉਨ੍ਹਾਂ ਨੇ ਪਤਨੀ ਨੂੰ ਮੁੜ ਘਰ ਲਿਆਂਦਾ ਸੀ ।
ਰਵੀ ਗੁਲਾਟੀ ਨੇ ਦੱਸਿਆ ਕਿ ਵਿਆਹ ਨੂੰ 15 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀ ਪਤਨੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ । ਰਵੀ ਗੁਲਾਟੀ ਨੇ ਮੌਕੇ 'ਤੇ ਦੱਸਿਆ ਕਿ ਅੱਜ ਪਤਨੀ ਦੇ ਐਕਟਿਵਾ 'ਤੇ ਘਰੋਂ ਜਾਣ ਤੋਂ ਬਾਅਦ, ਆਪਣੀ ਗੱਡੀ ਵਿੱਚ ਲੱਗੇ ਜੀ.ਪੀ.ਆਰ.ਐੱਸ. (GPS) ਦੀ ਮਦਦ ਨਾਲ ਪਿੱਛਾ ਕੀਤਾ । ਪਿੱਛਾ ਕਰਨ ਉਪਰੰਤ, ਉਸ ਨੇ ਪਤਨੀ ਨੂੰ ਪ੍ਰੇਮੀ ਨਾਲ ਹੋਟਲ ਵਿੱਚ ਰੰਗੀ ਹੱਥੀਂ ਫੜ ਲਿਆ । ਇਸ ਤੋਂ ਬਾਅਦ ਉਸ ਨੇ ਪਤਨੀ ਦੇ ਪਰਿਵਾਰ ਨੂੰ ਵੀ ਫੋਨ ਕਰਕੇ ਮੌਕੇ 'ਤੇ ਬੁਲਾਇਆ।
ਇਸ ਮੌਕੇ ਪਹੁੰਚੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਤੀ-ਪਤਨੀ ਵਿੱਚ ਵਿਵਾਦ ਚੱਲ ਰਿਹਾ ਹੈ । ਪੁਲਸ ਨੇ ਪੁਸ਼ਟੀ ਕੀਤੀ ਕਿ ਪਤਨੀ ਆਪਣੇ ਪ੍ਰੇਮੀ ਨਾਲ ਹੋਟਲ ਪਹੁੰਚੀ ਸੀ ਅਤੇ ਪਤੀ ਵੱਲੋਂ ਮੌਕੇ 'ਤੇ ਪਹੁੰਚ ਕੇ ਉਸਨੂੰ ਫੜਿਆ ਗਿਆ ਹੈ । ਪੁਲਸ ਅਨੁਸਾਰ, ਪਤਨੀ ਦਾ ਕਹਿਣਾ ਹੈ ਕਿ ਉਸਨੇ ਹੁਣ ਪ੍ਰੇਮੀ ਨਾਲ ਰਹਿਣਾ ਹੈ। ਪੁਲਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਹ ਜਲਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਉਣਗੇ । ਇਸ ਮੌਕੇ 'ਤੇ ਪੀੜਤ ਪਤੀ ਰਵੀ ਗੁਲਾਟੀ, ਉਸਦਾ ਪਿਤਾ ਅਤੇ ਪੁਲਸ ਅਧਿਕਾਰੀ ਮੌਜੂਦ ਸਨ ਜਿਨ੍ਹਾਂ ਨੇ ਮੀਡੀਆ ਨੂੰ ਬਿਆਨ ਦਿੱਤੇ।