- Updated: October 07, 2026 04:19 PM
ਕੈਨੇਡਾ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਨਾਲ ਸਬੰਧਤ ਲੋਕ ਰਹਿੰਦੇ ਹਨ। ਹਾਲ ਹੀ ਵਿਚ ਮੈਨੀਟੋਬਾ ਸੂਬੇ ਦੀ ਰਾਜਧਾਨੀ ਵਿੰਨੀਪੈਗ ਵਿਚ ਪੁਲਸ ਨੇ ਦੋ ਪੰਜਾਬੀਆਂ ਨੂੰ 13 ਰਾਈਫ਼ਲਾਂ ਅਤੇ 20 ਹਜ਼ਾਰ ਤੋਂ ਵੱਧ ਗੋਲੀਆਂ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਦੀ ਪਛਾਣ 48 ਸਾਲਾ ਰਵਿੰਦਰ ਚਹਿਲ ਅਤੇ 38 ਸਾਲਾ ਕੁਲਵਿੰਦਰ ਚਹਿਲ ਵਜੋਂ ਕੀਤੀ ਗਈ ਹੈ। ਜੋ ਵੈਸਟ ਸੇਂਟ ਪਾਲ ਕਸਬੇ ਦੇ ਰਹਿਣ ਵਾਲੇ ਹਨ ਅਤੇ ਭਾਈਚਾਰੇ ਵਿੱਚ ਚੰਗੀ ਜਾਣ-ਪਛਾਣ ਰੱਖਦੇ ਹਨ।
ਕੈਨੇਡੀਅਨ ਪੁਲਸ ਨੇ ਦੱਸਿਆ ਕਿ ਦੋਹਾਂ ਵਿਰੁੱਧ ਹਥਿਆਰਾਂ ਨਾਲ ਸਬੰਧਤ 23 ਦੋਸ਼ ਆਇਦ ਕੀਤੇ ਗਏ ਹਨ। ਮੈਨੀਟੋਬਾ ਦੇ ਵੈਸਟ ਸੇਂਟ ਪੌਲ ਵਿਖੇ ਘਰਾਂ ਦੀ ਤਲਾਸ਼ੀ ਦੌਰਾਨ ਹਥਿਆਰਾਂ ਦੀ ਬਰਾਮਦਗੀ ਕੀਤੀ ਗਈ ਪਰ ਇਕ ਗੱਲ ਸਪੱਸ਼ਟ ਨਾ ਹੋ ਸਕੀ ਕਿ ਆਖਰ ਐਨੇ ਹਥਿਆਰ ਅਤੇ ਗੋਲੀਆਂ ਇਕੱਤਰ ਕਰਨ ਦਾ ਮਕਸਦ ਕੀ ਹੋ ਸਕਦਾ ਹੈ। ਸੋਸ਼ਲ ਮੀਡੀਆ ’ਤੇ ਪੰਜਾਬੀਆਂ ਦੀ ਗ੍ਰਿਫ਼ਤਾਰੀ ਨਾਲ ਸਬੰਧਤ ਖ਼ਬਰ ਨਸ਼ਰ ਹੋਈ ਤਾਂ ਦੋਹਾਂ ਨੂੰ ਬਗੈਰ ਦੇਰ ਕੀਤਿਆਂ ਡਿਪੋਰਟ ਕਰਨ ਦੀ ਆਵਾਜ਼ ਉਠਣ ਲੱਗੀ।