ਪੰਜਾਬ: IDBI ਬੈਂਕ ''ਚ ਲੱਗੀ ਭਿਆਨਕ ਅੱਗ, ਮੌਕੇ ''ਤੇ ਮਚੀ ਹਫੜਾ-ਦਫੜੀ

ਪੰਜਾਬ: IDBI ਬੈਂਕ ''ਚ ਲੱਗੀ ਭਿਆਨਕ ਅੱਗ, ਮੌਕੇ ''ਤੇ ਮਚੀ ਹਫੜਾ-ਦਫੜੀ

ਕਪੂਰਥਲਾ ਦੇ ਰੇਲਵੇ ਸਟੇਸ਼ਨ ਰੋਡ 'ਤੇ ਸਥਿਤ ਆਈ. ਡੀ. ਬੀ. ਆਈ. ਬੈਂਕ ਦੀ ਬਰਾਂਚ 'ਚ ਸ਼ਨੀਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਬੈਂਕ 'ਚੋਂ ਧੂੰਆਂ ਨਿਕਲਦਾ ਵੇਖ ਕੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਅਫ਼ਸਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤਾ।

Image

ਅੱਧੇ ਘੰਟੇ ਵਿੱਚ ਅੱਗ 'ਤੇ ਪਾਇਆ ਕਾਬੂ
ਫਾਇਰ ਬ੍ਰਿਗੇਡ ਵਿਭਾਗ ਨੂੰ ਸ਼ਨੀਵਾਰ ਸਵੇਰੇ 6 ਵਜੇ ਦੇ ਕਰੀਬ ਬੈਂਕ 'ਚੋਂ ਧੂੰਆਂ ਨਿਕਲਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਬਿਨਾਂ ਕਿਸੇ ਦੇਰੀ ਦੇ ਘਟਨਾ ਸਥਾਨ 'ਤੇ ਪਹੁੰਚ ਗਈ। ਅੱਧੇ ਘੰਟੇ ਦੀ ਸਖ਼ਤ ਮੁਸ਼ੱਕਤ ਮਗਰੋਂ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਫਾਇਰ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਪੁਸ਼ਟੀ ਵਿਸਤ੍ਰਿਤ ਜਾਂਚ ਤੋਂ ਬਾਅਦ ਹੀ ਕੀਤੀ ਜਾਵੇਗੀ। ਬੈਂਕ ਦੇ ਬਰਾਂਚ ਮੈਨੇਜਰ ਦੀਪਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 6 ਵਜੇ ਬੈਂਕ 'ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਉਹ ਤੁਰੰਤ ਬੈਂਕ ਪਹੁੰਚੇ, ਜਿੱਥੇ ਫਾਇਰ ਬ੍ਰਿਗੇਡ ਦੀ ਟੀਮ ਪਹਿਲਾਂ ਹੀ ਅੱਗ ਬੁਝਾਉਣ ਦੇ ਕੰਮ 'ਚ ਜੁਟ ਚੁੱਕੀ ਸੀ।

ਲੱਖਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ
ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਜਦੋਂ ਬੈਂਕ ਦੇ ਅੰਦਰਲੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਤਾਂ ਪਤਾ ਲੱਗਾ ਕਿ ਅੱਗ ਕਾਰਨ ਬੈਂਕ 'ਚ ਰੱਖੇ ਮਹੱਤਵਪੂਰਨ ਦਸਤਾਵੇਜ਼, ਫਰਨੀਚਰ ਅਤੇ ਹੋਰ ਸਾਮਾਨ ਬੁਰੀ ਤਰ੍ਹਾਂ ਸੜ ਗਏ ਹਨ। ਬਰਾਂਚ ਮੈਨੇਜਰ ਮੁਤਾਬਕ ਇਸ ਘਟਨਾ 'ਚ ਬੈਂਕ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇਸ ਮੰਦਭਾਗੀ ਘਟਨਾ ਦੇ ਵਿਚਕਾਰ ਰਾਹਤ ਦੀ ਵੱਡੀ ਖ਼ਬਰ ਇਹ ਰਹੀ ਕਿ ਬੈਂਕ ਦਾ ਲਾਕਰ ਖੇਤਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅੱਗ ਕਾਰਨ ਲਾਕਰ ਖੇਤਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਜਿਸ ਨਾਲ ਗਾਹਕਾਂ ਦੇ ਕੀਮਤੀ ਸਾਮਾਨ ਦੀ ਸੁਰੱਖਿਆ ਪੂਰੀ ਤਰ੍ਹਾਂ ਯਕੀਨੀ ਰਹੀ।