- Updated: September 23, 2026 07:59 PM
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਸੋਨਾ ਤਸਕਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਦੁਬਈ ਤੋਂ ਆਈ ਫਲਾਈਟ ਤੋਂ 6.5 ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ ਜਿਸ ਦੀ ਕੀਮਤ 9 ਕਰੋੜ ਰੁਪਏ ਦੱਸੀ ਜਾ ਰਹੀ ਹੈ। ਮਾਮਲੇ ਵਿਚ ਇਕ ਮਹਿਲਾ ਸਣੇ 8 ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਕਸਟਮ ਅਧਿਕਾਰੀਆਂ ਮੁਤਾਬਕ ਗਿਰੋਹ ਸੋਨੇ ਦੀ ਚੇਨ ਤੇ ਜਵੈਲਰੀ ਦੀ ਸ਼ਕਲ ਦੇ ਕੇ ਦੁਬਈ ਤੋਂ ਭਾਰਤ ਲਿਆਉਣ ਦੀ ਕੋਸ਼ਿਸ਼ ਕਰਦਾ ਸੀ। ਤਸਕਰਾਂ ਨੇ ਸੋਨੇ ਨੂੰ ਆਮ ਜਵੈਲਰੀ ਵਰਗਾ ਦਿਖਾਉਣ ਲਈ ਉਸ ‘ਤੇ ਚਾਂਦੀ ਤੇ ਕਾਲੇ ਰੰਗ ਦਾ ਸਪਰੇਅ ਕੀਤਾ ਹੋਇਆ ਸੀ ਯਾਨੀ ਅਸਲੀ ਸੋਨਾ ਆਪਣੀ ਚਮਕ ਵਿਚ ਨਹੀਂ ਸਗੋਂ ਰੰਗ ਦੀ ਇਕ ਪਰਤ ਪਿੱਛੇ ਲੁਕਿਆ ਸੀ। ਅਧਿਕਾਰੀਆਂ ਨੇ ਜਦੋਂ ਇਸ ਨੂੰ ਜ਼ਬਤ ਕਰਕੇ ਜਾਂਚ ਕੀਤੀ ਤਾਂ ਇਸ ਦੀ ਅਸਲੀ ਕੀਮਤ ਸਾਹਮਣੇ ਆਇਆ। ਬਰਾਮਦ ਸੋਨੇ ਦਾ ਕੁੱਲ ਭਾਰ ਲਗਭਗ 6.5 ਕਿਲੋਗ੍ਰਾਮ ਸੀ। ਇਸ ਦੀ ਅਨੁਮਾਨਤ ਕੀਮਤ 9 ਕਰੋੜ ਰੁਪਏ ਦੱਸੀ ਗਈ ਹੈ।
ਕਸਟਮ ਵਿਭਾਗ ਨੇ 3 ਛੋਟੇ ਬੈਗਾਂ ‘ਚੋਂ 2 ਸੀਟਾਂ ਹੇਠਾਂ ਲੁਕੋਇਆ ਸੋਨਾ ਬਰਾਮਦ ਕੀਤਾ। ਮਹਿਤਾ ਸਣੇ 8 ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਾਂਚ ਵਿਚ ਸਾਹਮਣੇ ਆਇਆ ਕਿ ਗਿਰੋਹ ਦੇ ਮੈਂਬਰ ਕਥਿਤ ਤੌਰ ‘ਤੇ ਵਾਰ-ਵਾਰ ਐਗਜ਼ੀਬਿਸ਼ਨ ਵਿਚ ਸ਼ਾਮਲ ਹੋਣ ਦੇ ਬਹਾਨੇ ਦੁਬਈ ਜਾਂਦੇ ਸੀ। ਇਸ ਦੇ ਬਾਅਦ ਵਾਪਸੀ ਵਿਚ ਸੋਨੇ ਦੀ ਚੇਨ ਜਾਂ ਜਵੈਲਰੀ ਦੇ ਰੂਪ ਵਿਚ ਆਪਣੇ ਨਾਲ ਲਿਆਉਣ ਦੀ ਕੋਸ਼ਿਸ਼ ਕਰਦੇ ਸਨ। ਗਿਰੋਹ ਦਾ ਤਰੀਕਾ ਇਹੀ ਸੀ ਕਿ ਸੋਨੇ ਦੀ ਅਜਿਹੀ ਚੇਨ ਜਾਂ ਗਹਿਣੇ ਦੀ ਸ਼ਕਲ ਦਿੱਤੀ ਜਾਵੇ ਜਿਸ ਨੂੰ ਦੇਖ ਕੇ ਉਹ ਸਾਧਾਰਨ ਜਵੈਲਰੀ ਲੱਗੇ। ਉਨ੍ਹਾਂ ਨੂੰ ਉਮੀਦ ਸੀ ਕਿ ਇਸ ਤਰ੍ਹਾਂ ਉਹ ਸੁਰੱਖਿਆ ਤੇ ਕਸਟਮ ਜਾਂਚ ਵਿਚੋਂ ਆਸਾਨੀ ਨਾਲ ਨਿਕਲ ਜਾਣਗੇ ਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੋਵੇਗਾ। ਪਰ ਅਜਿਹਾ ਨਹੀਂ ਹੋਇਆ।
ਕਸਟਮ ਅਧਿਕਾਰੀਆਂ ਨੂੰ ਪਹਿਲਾਂ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਫਲਾਈਟ ਦੀ ਜਾਂਚ ਕੀਤੀ ਗਈ ਤੇ ਸੀਟਾਂ ਹੇਠਾਂ ਲੁਕਾਏ ਗਏ ਬੈਗ ਬਰਾਮਦ ਕਰ ਲਏ ਗਏ। ਗ੍ਰਿਫਤਾਰੀ ਦੇ ਬਾਅਦ ਸਾਰੇ ਮੁਲਜ਼ਮਾਂ ਦੀ ਮੈਡੀਕਲ ਜਾਂਚ ਕਰਵਾਈ ਗਈ। ਉਨ੍ਹਾਂ ਨੂੰ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।