ਅਮਰੀਕਾ ਤੋਂ ਪਰਤੇ ਹਮੀਰਾ ਦੇ ਵਿਅਕਤੀ ਦੀ ਸ਼ੱਕੀ ਹਾਲਾਤਾਂ ’ਚ ਮੌਤ, ਹੁਸ਼ਿਆਰਪੁਰ ’ਚੋਂ ਮਿਲੀ ਲਾਸ਼

ਅਮਰੀਕਾ ਤੋਂ ਪਰਤੇ ਹਮੀਰਾ ਦੇ ਵਿਅਕਤੀ ਦੀ ਸ਼ੱਕੀ ਹਾਲਾਤਾਂ ’ਚ ਮੌਤ, ਹੁਸ਼ਿਆਰਪੁਰ ’ਚੋਂ ਮਿਲੀ ਲਾਸ਼

ਇਥੋਂ ਦੇ ਨਜ਼ਦੀਕੀ ਪਿੰਡ ਹਮੀਰਾ ਦੇ ਵਿਅਕਤੀ ਦੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਡਲ ਟਾਊਨ ਥਾਣੇ ਦੇ ਅਧੀਨ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਹਮੀਰਾ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਗੁਰਪ੍ਰੀਤ ਸਿੰਘ (42) ਸਾਲ 12 ਸਤੰਬਰ ਨੂੰ ਅਮਰੀਕਾ ਤੋਂ ਵਾਪਸ ਪਰਤਿਆ ਸੀ ਅਤੇ ਉਹ ਆਪਣੇ ਸਹੁਰੇ ਹੁਸ਼ਿਆਰਪੁਰ ਚਲਾ ਗਿਆ। 

ਬੀਤੇ ਕੱਲ੍ਹ ਉਨ੍ਹਾਂ ਨੂੰ ਨੂੰਹ ਦਾ ਫ਼ੋਨ ਆਇਆ ਕਿ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਹੁਸ਼ਿਆਰਪੁਰ ਵਿਖੇ ਪਾਸਪੋਰਟ ਦਫ਼ਤਰ 'ਚ ਕਿਸੇ ਜ਼ਰੂਰੀ ਕੰਮ ਲਈ ਗਏ ਹੋਏ ਸਨ। ਉੱਥੋਂ ਕੰਮ ਕਰਵਾ ਕੇ ਉਹ ਆਪਣੀ ਪਤਨੀ ਨੂੰ ਹੁਸ਼ਿਆਰਪੁਰ ਵਿਖੇ ਛੱਡ ਕੇ ਆਪਣੇ ਏਜੰਟ ਕੋਲ ਕਿਸੇ ਕੰਮ ਲਈ ਕਹਿ ਕੇ ਚਲਾ ਗਿਆ ਪਰ ਉਸ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੀ ਡੈਡ ਬਾਡੀ ਮਾਡਲ ਟਾਊਨ ਥਾਣੇ ਦੇ ਨਜ਼ਦੀਕ ਇਕ ਰਿਹਾਇਸ਼ੀ ਇਲਾਕੇ ਵਿਚੋਂ ਮਿਲੀ ਹੈ।  ਮ੍ਰਿਤਕ ਨੌਜਵਾਨ ਦੇ ਪਿਤਾ ਨੇ ਭਰੇ ਹੋਏ ਮਨ ਨਾਲ ਦੱਸਿਆ ਕੇ ਉਸ ਦੇ ਮੁੰਡੇ ਦਾ ਕਤਲ ਹੋਇਆ ਹੈ। ਉਹ ਅੱਜ ਆਪਣੇ ਪਰਿਵਾਰਕ ਮੈਂਬਰਾਂ ਨਾਲ ਹਸਪਤਾਲ ਵਿਖੇ ਗਿਆ ਸੀ, ਜਿੱਥੇ ਉਨ੍ਹਾਂ ਨੇ ਆਪਣੇ ਪੁੱਤਰ ਦੀ ਲਾਸ਼ ਵੇਖੀ ਤਾਂ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। 

ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਤੋਂ ਪੁਰਜ਼ੋਰ ਸ਼ਬਦਾਂ ਵਿਚ ਅਪੀਲ ਕਰਦੇ ਹੋਏ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ  ਇਨਸਾਫ਼ ਦਿਵਾਇਆ ਜਾਵੇ। ਜਥੇਦਾਰ ਜਗਮੋਹਨ ਸਿੰਘ ਹਮੀਰਾ ਮਹਾਂਕਾਲ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਯੂ. ਐੱਸ. ਏ. ਪਿਛਲੇ ਸਾਡੇ ਚਾਰ ਸਾਲਾਂ ਤੋਂ ਗਿਆ ਹੋਇਆ ਸੀ, ਜਿਸ ਦੇ ਦੋ ਛੋਟੇ-ਛੋਟੇ ਬੇਟੇ ਹਨ।  ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਭਤੀਜੇ ਦੀ ਮ੍ਰਿਤਕ ਦੇਹ ਦੀ ਵੀਡੀਉ ਬਣਾ ਕੇ ਲੈ ਕੇ ਆਏ ਹਨ। ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੇ ਭਤੀਜੇ ਦੀ ਮੌਤ ਅਚਾਨਕ ਨਹੀਂ ਹੋਈ ਹੈ, ਉਸ ਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਹੈ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਬੇਵਕਤੀ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਘਰ ਅਤੇ ਪੂਰੇ ਪਿੰਡ ਵਿਚ ਮਾਤਮ ਛਾਇਆ ਹੋਇਆ ਹੈ।  ਪਰਿਵਾਰਕ ਮੈਂਬਰਾਂ ਨੇ ਕਪੂਰਥਲਾ ਦੇ ਐੱਸ. ਐੱਸ. ਪੀ. ਗੌਰਵ ਤੂਰਾ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਐੱਸ. ਐੱਸ. ਪੀ. ਹੁਸ਼ਿਆਰਪੁਰ ਨਾਲ ਗੱਲਬਾਤ ਕਰਕੇ ਅਸਲ ਦੋਸ਼ੀਆਂ ਖ਼ਿਲਾਫ਼ ਕਾਨੂਨੀ ਕਾਰਵਾਈ ਕਰਵਾਉਣ ਤਾਂ ਜੋ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।