ਪਟਿਆਲਾ ’ਚ ਪਤਨੀ ਨੂੰ ਮਾਰਨ ਲਈ ਫੌਜੀ ਨੇ ਭਾਖੜਾ ਨਹਿਰ ’ਚ ਸੁੱਟੀ ਕਾਰ

ਪਟਿਆਲਾ ’ਚ ਪਤਨੀ ਨੂੰ ਮਾਰਨ ਲਈ ਫੌਜੀ ਨੇ ਭਾਖੜਾ ਨਹਿਰ ’ਚ ਸੁੱਟੀ ਕਾਰ

ਪਟਿਆਲਾ ਦੇ ਨੇੜਲੇ ਥਾਣਾ ਪਸਿਆਣਾ ਇਲਾਕੇ ਤੋਂ ਇੱਕ ਬੇਹੱਦ ਦਰਦਨਾਕ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਇੱਕ ਫੌਜੀ ਨੌਜਵਾਨ ਨੇ ਆਪਣੀ ਪਤਨੀ ਦੀ ਹੱਤਿਆ ਕਰਨ ਦੀ ਨੀਅਤ ਨਾਲ ਕਾਰ ਸਮੇਤ ਉਸ ਨੂੰ ਭਾਖੜਾ ਨਹਿਰ ਵਿੱਚ ਧੱਕਾ ਦੇ ਦਿੱਤਾ। ਇਸ ਘਟਨਾ ਵਿੱਚ 30 ਸਾਲਾ ਰਮਨਦੀਪ ਕੌਰ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ, ਜਦਕਿ ਦੋਸ਼ੀ ਪਤੀ ਹੈਪੀ ਸਿੰਘ ਖੁਦ ਸੁਰੱਖਿਅਤ ਬਾਹਰ ਨਿਕਲ ਆਇਆ। 

ਮ੍ਰਿਤਕਾ ਦੇ ਭਰਾ ਗੁਰਜੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਹੈ ਕਿ ਹੈਪੀ ਸਿੰਘ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਇਸ ਘਟਨਾ ਨੂੰ ਅੰਜਾਮ ਦਿੱਤਾ। ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਪਿੰਡ ਬਾਜੇਵਾਲਾ, ਜ਼ਿਲ੍ਹਾ ਮਾਨਸਾ ਦੇ ਰਹਿਣ ਵਾਲੇ ਹੈਪੀ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਨਾਲ ਜੁੜੇ ਹਰ ਪੱਖ ਨੂੰ ਖੰਗਾਲਿਆ ਜਾ ਰਿਹਾ ਹੈ।