ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ’ਚੋਂ 2 ਕਰੋੜ ਤੋਂ ਵੱਧ ਮਰੀਜ਼ਾਂ ਨੇ ਕਰਵਾਇਆ ਇਲਾਜ , ਕਾਇਮ ਕੀਤਾ ਰਿਕਾਰਡ

ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ’ਚੋਂ 2 ਕਰੋੜ ਤੋਂ ਵੱਧ ਮਰੀਜ਼ਾਂ ਨੇ ਕਰਵਾਇਆ ਇਲਾਜ , ਕਾਇਮ ਕੀਤਾ ਰਿਕਾਰਡ

ਆਮ ਆਦਮੀ ਕਲੀਨਿਕਾਂ ’ਚ ਓ. ਪੀ. ਡੀ. ਰਾਹੀਂ ਮਹਿਜ਼ ਦੋ ਸਾਲਾਂ ’ਚ 2 ਕਰੋੜ ਤੋਂ ਵੱਧ ਮਰੀਜ਼ ਇਲਾਜ ਕਰਵਾ ਚੁੱਕੇ ਹਨ। ਇਸ ਸਬੰਧੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ 15 ਅਗਸਤ, 2022 ਤੋਂ ਹੁਣ ਤੱਕ ਸੂਬੇ ’ਚ 2 ਕਰੋੜ ਤੋਂ ਵੱਧ ਮਰੀਜ਼ਾਂ ਨੇ 842 ਆਮ ਆਦਮੀ ਕਲੀਨਿਕਾਂ ਤੋਂ ਮੁਫ਼ਤ ਇਲਾਜ ਪ੍ਰਾਪਤ ਕੀਤਾ ਹੈ।

ਸੂਬੇ ’ਚ ਕੁੱਲ 842 ਆਮ ਆਦਮੀ ਕਲੀਨਿਕਾਂ ’ਚੋਂ 312 ਸ਼ਹਿਰੀ ਖੇਤਰਾਂ ’ਚ ਅਤੇ 530 ਪੇਂਡੂ ਖੇਤਰਾਂ ’ਚ ਕਾਰਜਸ਼ੀਲ ਹਨ, ਜਿੱਥੇ ਮੁਫ਼ਤ ਇਲਾਜ ਤੋਂ ਇਲਾਵਾ 80 ਕਿਸਮਾਂ ਦੀਆਂ ਮੁਫ਼ਤ ਦਵਾਈਆਂ ਦੀ ਉਪਲੱਬਧਤਾ ਅਤੇ 38 ਕਿਸਮਾਂ ਦੀ ਮੁਫ਼ਤ ਜਾਂਚ ਦੀ ਸਹੂਲਤ ਦਿੱਤੀ ਜਾਂਦੀ ਹੈ। ਇਹ ਕਲੀਨਿਕ ਰੋਜ਼ਾਨਾ ਲਗਭਗ 58,900 ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕਰਦੇ ਹਨ।

                         Image

ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ’ਚ ਆਉਣ ਵਾਲੇ 2 ਕਰੋੜ ਲੋਕਾਂ ’ਚੋਂ 90 ਲੱਖ ਦੀ ਆਮਦ ਨਵੀਂ ਤੇ ਪਲੇਠੀ ਹੈ, ਜਦਕਿ 1.10 ਕਰੋੜ ਲੋਕ ਉਹ ਹਨ, ਜੋ ਦੁਬਾਰਾ ਆਏ। ਓ. ਪੀ. ਡੀ. ’ਚ ਆਉਣ ਵਾਲਿਆਂ ’ਚੋਂ 55 ਫ਼ੀਸਦੀ ਔਰਤਾਂ , 11.20 ਫ਼ੀਸਦੀ ਬੱਚੇ ਅਤੇ ਨਾਬਾਲਗ (12 ਸਾਲ ਤੱਕ ਦੇ) ਹਨ ਜਦਕਿ 68.86 ਫ਼ੀਸਦੀ ਬਾਲਗ (13-60) ਉਮਰ ਵਰਗੇ ਦੇ ਹਨ। ਇਸ ਤੋਂ ਇਲਾਵਾ 19.94 ਫ਼ੀਸਦੀ ਮਰੀਜ਼ 60 ਸਾਲ ਤੋਂ ਵੱਧ ਉਮਰ ਦੇ ਹਨ।