- Updated: January 19, 2024 07:51 PM
ਅਯੁੱਧਿਆ ’ਚ 22 ਜਨਵਰੀ ਨੂੰ ‘ਪ੍ਰਾਣ ਪ੍ਰਤਿਸ਼ਠਾ ਸਮਾਰੋਹ’ ਤੋਂ ਤਿੰਨ ਦਿਨ ਪਹਿਲਾਂ ਸ਼ੁਕਰਵਾਰ ਨੂੰ ਰਾਮ ਮੰਦਰ ’ਚ ਰਾਮ ਲਲਾ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਕਾਲੇ ਪੱਥਰ ਨਾਲ ਬਣੀ ਇਸ ਮੂਰਤੀ ਦੀ ਅੱਖ ’ਤੇ ਪੀਲਾ ਕੱਪੜਾ ਬੰਨ੍ਹਿਆ ਹੋਇਆ ਹੈ। ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਦੇ ਅਧਿਕਾਰੀ ਸ਼ਰਦ ਸ਼ਰਮਾ ਨੇ ਦਸਿਆ ਕਿ ਰਾਮ ਲਲਾ ਦੀ ਮੂਰਤੀ ਦੀਆਂ ਅੱਖਾਂ ’ਤੇ ਪੀਲਾ ਕੱਪੜਾ ਬੰਨ੍ਹਿਆ ਗਿਆ ਹੈ ਅਤੇ ਮੂਰਤੀ ’ਤੇ ਗੁਲਾਬ ਦੇ ਫੁੱਲਾਂ ਦੀ ਮਾਲਾ ਪਾਈ ਗਈ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਰਾਮ ਲਲਾ ਦੀ ਮੂਰਤੀ ਦੀ ਤਸਵੀਰ ਜਾਰੀ ਕੀਤੀ ਹੈ ਅਤੇ ਇਹ ਮੂਰਤੀ ਖੜੀ ਸਥਿਤੀ ’ਚ ਹੈ।

ਅਯੁੱਧਿਆ ’ਚ ਰਾਮ ਜਨਮ ਭੂਮੀ ਮੰਦਰ ਦੇ ਗਰਭ ਗ੍ਰਹਿ ’ਚ ਭਗਵਾਨ ਰਾਮ ਦੀ ਨਵੀਂ ਮੂਰਤੀ ਰੱਖੀ ਗਈ ਹੈ। ਮੈਸੂਰੂ ਦੇ ਮੂਰਤੀਕਾਰ ਅਰੁਣ ਯੋਗੀਰਾਜ ਵਲੋਂ ਬਣਾਈ ਗਈ 51 ਇੰਚ ਦੀ ਰਾਮ ਲਲਾ ਦੀ ਮੂਰਤੀ ਨੂੰ ਬੀਤੀ ਰਾਤ ਮੰਦਰ ਲਿਆਂਦਾ ਗਿਆ। ਪੂਜਾ ਸਮਾਰੋਹ ਦੇ ਮੁੱਖ ਆਚਾਰੀਆ ਅਰੁਣ ਦੀਕਸ਼ਿਤ ਨੇ ਦਸਿਆ ਕਿ ਭਗਵਾਨ ਰਾਮ ਦੀ ਮੂਰਤੀ ਨੂੰ ਦੁਪਹਿਰ ਨੂੰ ਵੈਦਿਕ ਜਾਪ ਦੇ ਵਿਚਕਾਰ ਪਵਿੱਤਰ ਗ੍ਰਹਿ ’ਚ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ‘ਪ੍ਰਧਾਨ ਸੰਕਲਪ’ ਟਰੱਸਟ ਦੇ ਮੈਂਬਰ ਅਨਿਲ ਮਿਸ਼ਰਾ ਨੇ ਕੀਤਾ ਸੀ।
ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਇਹ ਜਾਣਕਾਰੀ ਦਿਤੀ। ਪੋਸਟ ’ਚ ਕਿਹਾ ਗਿਆ ਹੈ ਕਿ ਰਾਮਮੂਰਤੀ ਅੱਜ ਦੁਪਹਿਰ 12:30 ਵਜੇ ਤੋਂ ਬਾਅਦ ਅਯੁੱਧਿਆ ’ਚ ਜਨਮ ਭੂਮੀ ’ਤੇ ਸਥਿਤ ਰਾਮ ਮੰਦਰ ’ਚ ਦਾਖਲ ਹੋਏ।