ਭਾਰਤ ਨੇ ਕੈਨੇਡਾ ’ਚ ਨਗਰ ਕੀਰਤਨ ’ਚ ਭਾਰਤੀ ਸਿਆਸਤਦਾਨਾਂ ਦੇ ਹਿੰਸਕ ਚਿਤਰਣ ’ਤੇ ਪ੍ਰਗਟਾਇਆ ਸਖ਼ਤ ਰੋਸ

ਭਾਰਤ ਨੇ ਕੈਨੇਡਾ ’ਚ ਨਗਰ ਕੀਰਤਨ ’ਚ ਭਾਰਤੀ ਸਿਆਸਤਦਾਨਾਂ ਦੇ ਹਿੰਸਕ ਚਿਤਰਣ ’ਤੇ ਪ੍ਰਗਟਾਇਆ ਸਖ਼ਤ ਰੋਸ

ਭਾਰਤ ਨੇ ਕੈਨੇਡਾ ਦੇ ਮਾਲਟਨ ਵਿਚ ਕੱਢੇ ਗਏ ਨਗਰ ਕੀਰਤਨ ਵਿਚ ਭਾਰਤੀ ਸਿਆਸਤਦਾਨਾਂ ਦੀ ਹਿੰਸਕ ਚਿਤਰਣ ਪੇਸ਼ ਕੀਤੀ ਗਈ, ਜਿਸ ਨੂੰ ਲੈ ਕੇ ਭਾਰਤ ਵਲੋਂ ਸਖ਼ਤ ਰੋਸ ਪ੍ਰਗਟਾਇਆ ਗਿਆ ਹੈ। ਕੈਨੇਡਾ ਸਰਕਾਰ ਨੂੰ ਅਪਰਾਧਿਕ ਤੱਤਾਂ ਨੂੰ ਸਿਆਸੀ ਸਰਪ੍ਰਸਤੀ ਦੇਣ ਤੋਂ ਰੋਕਣ ਦੀ ਮੰਗ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਕੈਨੇਡਾ ਵਿਚ ਕੱਟੜਪੰਥੀ ਤੱਤਾਂ ਵੱਲੋਂ ਸਾਡੀ ਸਿਆਸੀ ਲੀਡਰਸ਼ਿਪ ਖ਼ਿਲਾਫ਼ ਰੋਸ ਵਿਖਾਵੇ ਕੀਤੇ ਗਏ ਹਨ ਅਤੇ ਭਾਰਤੀ ਸਿਆਸਤਦਾਨਾਂ ਖ਼ਿਲਾਫ਼ ਹਿੰਸਾ ਦੀ ਧਮਕੀ ਦੇਣ ਵਾਲੇ ਪੋਸਟਰ ਵੀ ਪੂਰੇ ਕੈਨੇਡਾ ਵਿਚ ਲਾਏ ਗਏ ਹਨ।

ਬੁਲਾਰੇ ਨੇ ਕਿਹਾ, “ਅਸੀਂ ਇਸ ਤਰੀਕੇ ਨਾਲ ਵਰਤੀਆਂ ਜਾ ਰਹੀਆਂ ਹਿੰਸਕ ਤਸਵੀਰਾਂ ਬਾਰੇ ਵਾਰ-ਵਾਰ ਅਤੇ ਜ਼ੋਰਦਾਰ ਢੰਗ ਨਾਲ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਪਿਛਲੇ ਸਾਲ ਇਕ ਨਗਰ ਕੀਰਤਨ ਸਾਡੇ ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਨੂੰ ਦਰਸਾਉਂਦੀ ਇਕ ਝਾਕੀ ਵਰਤੀ ਗਈ ਸੀ। ਉਨ੍ਹਾਂ ਕਿਹਾ ਕਿ ਹਿੰਸਾ ਦਾ ਜਸ਼ਨ ਮਨਾਉਣਾ ਅਤੇ ਵਡਿਆਈ ਕਰਨਾ ਕਿਸੇ ਵੀ ਸੱਭਿਅਕ ਸਮਾਜ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਕਾਨੂੰਨ ਦੇ ਸ਼ਾਸਨ ਦਾ ਆਦਰ ਕਰਨ ਵਾਲੇ ਲੋਕਤੰਤਰੀ ਦੇਸ਼ਾਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ’ਤੇ ਕੱਟੜਪੰਥੀ ਤੱਤਾਂ ਨੂੰ ਡਰਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।

ਜੈਸਵਾਲ ਨੇ ਕਿਹਾ ਕਿ ਅਸੀਂ ਕੈਨੇਡਾ ਵਿਚ ਆਪਣੇ ਕੂਟਨੀਤਕ ਪ੍ਰਤੀਨਿਧੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ ਅਤੇ ਆਸ ਕਰਦੇ ਹਾਂ ਕਿ ਕੈਨੇਡੀਅਨ ਸਰਕਾਰ ਇਹ ਯਕੀਨੀ ਬਣਾਏਗੀ ਕਿ ਉਹ ਬਿਨਾਂ ਕਿਸੇ ਡਰ ਦੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਹੋਣ। ਬੁਲਾਰੇ ਨੇ ਕਿਹਾ, ‘‘ਅਸੀਂ ਕੈਨੇਡਾ ਸਰਕਾਰ ਨੂੰ ਫਿਰ ਤੋਂ ਅਪੀਲ ਕਰਦੇ ਹਾਂ ਕਿ ਉਹ ਕੈਨੇਡਾ ਵਿਚ ਅਪਰਾਧਿਕ ਅਤੇ ਵੱਖਵਾਦੀ ਤੱਤਾਂ ਨੂੰ ਸੁਰੱਖਿਅਤ ਪਨਾਹਗਾਹ ਅਤੇ ਸਿਆਸੀ ਥਾਂ ਪ੍ਰਦਾਨ ਕਰਨਾ ਬੰਦ ਕਰੇ।’’