ਲੋਕ ਸਭਾ ਚੋਣਾਂ ਦਾ ਤੀਜਾ ਪੜਾਅ 61 ਫੀ ਸਦੀ ਵੋਟਿੰਗ ਨਾਲ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦਾ ਤੀਜਾ ਪੜਾਅ 61 ਫੀ ਸਦੀ ਵੋਟਿੰਗ ਨਾਲ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ’ਚ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 93 ਸੀਟਾਂ ’ਤੇ ਕਰੀਬ 61 ਫੀ ਸਦੀ ਵੋਟਿੰਗ ਹੋਈ। ਪਛਮੀ ਬੰਗਾਲ ਦੇ ਕੁੱਝ ਹਿੱਸਿਆਂ ’ਚ ਹਿੰਸਾ ਦੀਆਂ ਖ਼ਬਰਾਂ ਮਿਲੀਆਂ ਹਨ। 

ਰਾਤ ਅੱਠ ਵਜੇ ਤਕ ਪ੍ਰਾਪਤ ਅੰਕੜਿਆਂ ’ਚ ਅਸਾਮ ਅੰਦਰ ਸੱਭ ਤੋਂ ਵੱਧ 75.30 ਫੀ ਸਦੀ, ਗੋਆ ’ਚ 74.32 ਫ਼ੀ ਸਦੀ ਪਛਮੀ ਬੰਗਾਲ ’ਚ 73.93 ਫੀ ਸਦੀ ਅਤੇ ਮਹਾਰਾਸ਼ਟਰ ’ਚ ਸੱਭ ਤੋਂ ਘੱਟ 54.98 ਫੀ ਸਦੀ ਵੋਟਿੰਗ ਦਰਜ ਕੀਤੀ ਗਈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ’ਚ 57.34 ਫ਼ੀ ਸਦੀ, ਛੱਤੀਸਗੜ੍ਹ ’ਚ 67.07 ਫ਼ੀ ਸਦੀ, ਦਾਦਰਾ ਅਤੇ ਨਗਰ ਹਵੇਲੀ ਤੇ ਦਮਨ ਦਿਉ ’ਚ 65.23 ਫ਼ੀ ਸਦੀ, ਕਰਨਾਟਕ ’ਚ 68.22 ਫ਼ੀ ਸਦੀ ਅਤੇ ਮੱਧ ਪ੍ਰਦੇਸ਼ ’ਚ 63.22 ਫ਼ੀ ਸਦੀ ਵੋਟਿੰਗ ਹੋਈ। 

ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਸੀ। ਵੋਟਿੰਗ ਖ਼ਤਮ ਹੋਣ ਦਾ ਦਾ ਅਧਿਕਾਰਤ ਸਮਾਂ ਸ਼ਾਮ 6 ਵਜੇ ਤਕ ਸੀ, ਹਾਲਾਂਕਿ ਇਸ ਨੂੰ ਵੋਟਿੰਗ ਖ਼ਤਮ ਹੋਣ ਦੇ ਸਮੇਂ ਤੋਂ ਪਹਿਲਾਂ ਤੋਂ ਹੀ ਕਤਾਰਾਂ ’ਚ ਲੱਗੇ ਲੋਕਾਂ ਲਈ ਵਧਾ ਦਿਤਾ ਗਿਆ ਸੀ ਤਾਂ ਜੋ ਪੋਲਿੰਗ ਸਟੇਸ਼ਨ ’ਤੇ ਕਤਾਰਾਂ ’ਚ ਖੜੇ ਵੋਟਰਾਂ ਨੂੰ ਮੌਕਾ ਦਿਤਾ ਜਾ ਸਕੇ। 

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ’ਚ 8.39 ਕਰੋੜ ਔਰਤਾਂ ਸਮੇਤ 17.24 ਕਰੋੜ ਲੋਕ ਵੋਟ ਪਾਉਣ ਦੇ ਯੋਗ ਹਨ ਅਤੇ 18.5 ਲੱਖ ਅਧਿਕਾਰੀਆਂ ਦੀ ਅਗਵਾਈ ਵਾਲੇ 1.85 ਲੱਖ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ। 

ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਦਸਿਆ ਕਿ ਗੁਜਰਾਤ ਦੀਆਂ 25 ਲੋਕ ਸਭਾ ਸੀਟਾਂ ’ਤੇ ਲਗਭਗ 55.22 ਫੀ ਸਦੀ ਵੋਟਿੰਗ ਹੋਈ। ਗੁਜਰਾਤ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਵੋਟ ਪਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀਨਗਰ ਲੋਕ ਸਭਾ ਹਲਕੇ ਦੇ ਪੋਲਿੰਗ ਬੂਥ ’ਤੇ ਵੋਟ ਪਾਈ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਅਹਿਮਦਾਬਾਦ ਦੇ ਇਕ ਪੋਲਿੰਗ ਬੂਥ ’ਤੇ ਵੋਟ ਪਾਈ। ਕੇਂਦਰੀ ਮੰਤਰੀ ਸ਼ਾਹ (ਗਾਂਧੀਨਗਰ), ਜਯੋਤੀਰਾਦਿੱਤਿਆ ਸਿੰਧੀਆ (ਗੁਨਾ), ਮਨਸੁਖ ਮਾਂਡਵੀਆ (ਪੋਰਬੰਦਰ), ਪਰਸ਼ੋਤਮ ਰੁਪਾਲਾ (ਰਾਜਕੋਟ), ਪ੍ਰਹਿਲਾਦ ਜੋਸ਼ੀ (ਧਾਰਵਾੜ) ਅਤੇ ਐਸ ਪੀ ਸਿੰਘ ਬਘੇਲ (ਆਗਰਾ) ਇਸ ਪੜਾਅ ਦੇ ਪ੍ਰਮੁੱਖ ਨੇਤਾਵਾਂ ’ਚ ਸ਼ਾਮਲ ਹਨ। 

ਕਰਨਾਟਕ ਦੇ ਉੱਤਰੀ ਜ਼ਿਲ੍ਹਿਆਂ ਦੇ ਜ਼ਿਆਦਾਤਰ ਲੋਕ ਸਭਾ ਹਲਕਿਆਂ ਦੇ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਨੂੰ ਕਤਾਰਾਂ ’ਚ ਖੜ੍ਹੇ ਵੇਖਿਆ ਗਿਆ। ਕਰਨਾਟਕ ’ਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਭਗਵੰਤ ਖੁਬਾ ਅਤੇ ਕਰਨਾਟਕ ਦੇ ਮੰਤਰੀ ਪ੍ਰਿਯੰਕ ਖੜਗੇ ਸਮੇਤ ਹੋਰਾਂ ਨੇ ਵੋਟਿੰਗ ਦੇ ਤੜਕੇ ਵੋਟ ਪਾਈ। ਸਾਬਕਾ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੇ ਅਪਣੇ ਪੁੱਤਰਾਂ, ਸ਼ਿਮੋਗਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਬੀਵਾਈ ਰਾਘਵੇਂਦਰ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਬੀਵਾਈ ਵਿਜੇਂਦਰ ਅਤੇ ਨੂੰਹਾਂ ਨਾਲ ਸ਼ਿਵਮੋਗਾ ਜ਼ਿਲ੍ਹੇ ਦੇ ਸ਼ਿਕਾਰੀਪੁਰਾ ’ਚ ਵੋਟ ਪਾਈ। 

ਮਹਾਰਾਸ਼ਟਰ ’ਚ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਉਨ੍ਹਾਂ ਦੀ ਪਤਨੀ ਸੁਨੇਤਰਾ ਪਵਾਰ ਅਤੇ ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਵੀ ਵੋਟ ਪਾਈ। ਬਾਰਾਮਤੀ ’ਚ ਐਨ.ਸੀ.ਪੀ. ਉਮੀਦਵਾਰ ਸੁਨੇਤਰਾ ਪਵਾਰ ਦਾ ਮੁਕਾਬਲਾ ਸ਼ਰਦ ਪਵਾਰ ਦੀ ਬੇਟੀ ਅਤੇ ਮੌਜੂਦਾ ਸੰਸਦ ਮੈਂਬਰ ਸੁਪ੍ਰਿਆ ਸੁਲੇ ਨਾਲ ਹੈ। ਪੁਣੇ ਜ਼ਿਲ੍ਹੇ ਦੇ ਬਾਰਾਮਤੀ ਹਲਕੇ ਦੇ ਮਾਲੇਗਾਓਂ ਇਲਾਕੇ ਦੇ ਪੋਲਿੰਗ ਬੂਥ ’ਤੇ ਪਹੁੰਚਣ ’ਤੇ ਪਵਾਰ ਦਾ ਰਵਾਇਤੀ ਆਰਤੀ ਨਾਲ ਸਵਾਗਤ ਕੀਤਾ ਗਿਆ। ਸ਼ਰਦ ਪਵਾਰ ਪੋਲਿੰਗ ਬੂਥ ’ਤੇ ਵੋਟ ਪਾਉਣ ਤੋਂ ਪਹਿਲਾਂ ਕਤਾਰ ’ਚ ਖੜ੍ਹੇ ਸਨ। ਅਜੀਤ ਪਵਾਰ ਅਤੇ ਸੁਨੇਤਰਾ ਪਵਾਰ ਨੇ ਬਾਰਾਮਤੀ ਦੇ ਕਟੇਵਾੜੀ ਇਲਾਕੇ ’ਚ ਇਕ ਪੋਲਿੰਗ ਬੂਥ ’ਤੇ ਵੋਟ ਪਾਈ। 

ਅਸਾਮ ’ਚ ਲੋਕ ਵੋਟ ਪਾਉਣ ਲਈ ਵੱਡੀ ਗਿਣਤੀ ’ਚ ਕਤਾਰਾਂ ’ਚ ਖੜ੍ਹੇ ਨਜ਼ਰ ਆਏ। ਹਿਮੰਤਾ ਬਿਸਵਾ ਸ਼ਰਮਾ ਨੇ ਬਾਰਪੇਟਾ ਲੋਕ ਸਭਾ ਸੀਟ ਦੇ ਅਮੀਨਗਾਓਂ ’ਚ ਅਪਣੀ ਵੋਟ ਪਾਈ। ਮੁੱਖ ਮੰਤਰੀ ਨੇ ਅਪਣੀ ਪਤਨੀ ਰਿੰਕੀ ਭੁਈਆਂ ਸ਼ਰਮਾ ਅਤੇ ਬੇਟੀ ਸੁਕੰਨਿਆ ਸ਼ਰਮਾ ਨਾਲ ਅਮੀਨਗਾਓਂ ਹਾਈ ਸਕੂਲ ਦੇ ਪੋਲਿੰਗ ਬੂਥ ’ਤੇ ਵੋਟ ਪਾਈ। ਰਾਜ ਦੀਆਂ ਚਾਰ ਲੋਕ ਸਭਾ ਸੀਟਾਂ ਲਈ ਵੋਟਾਂ ਪਈਆਂ ਸਨ। ਵੋਟਰ ਗੁਹਾਟੀ, ਬਾਰਪੇਟਾ, ਧੂਬਰੀ ਅਤੇ ਕੋਕਰਾਝਾਰ ਸੀਟਾਂ ’ਤੇ ਕਿਸ਼ਤੀਆਂ ਸਮੇਤ ਵੱਖ-ਵੱਖ ਸਾਧਨਾਂ ਦੀ ਵਰਤੋਂ ਕਰ ਕੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ’ਤੇ ਪਹੁੰਚੇ। 

ਤੀਜੇ ਪੜਾਅ ’ਚ 120 ਔਰਤਾਂ ਸਮੇਤ 1300 ਤੋਂ ਵੱਧ ਉਮੀਦਵਾਰ ਚੋਣ ਮੈਦਾਨ ’ਚ ਹਨ। ਕੁਲ 543 ਸੀਟਾਂ ’ਚੋਂ ਪਹਿਲੇ ਦੋ ਪੜਾਵਾਂ ’ਚ 189 ਸੀਟਾਂ ’ਤੇ ਵੋਟਿੰਗ ਮੁਕੰਮਲ ਹੋ ਚੁਕੀ ਹੈ। ਅਗਲੇ ਚਾਰ ਪੜਾਅ 13 ਮਈ, 20 ਮਈ, 25 ਮਈ ਅਤੇ 1 ਜੂਨ ਨੂੰ ਹੋਣਗੇ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।