ਰਾਜਦੂਤ ਸੰਧੂ ਨੇ ਕਿਹਾ ,"ਭਾਰਤ-ਅਮਰੀਕਾ ਦੇ ਦੁਵੱਲੇ ਸਬੰਧਾਂ ''ਚ ਨਵੀਂ ਗਤੀਸ਼ੀਲਤਾ ਆਈ"। 

ਰਾਜਦੂਤ ਸੰਧੂ ਨੇ ਕਿਹਾ ,

ਅਮਰੀਕਾ ਵਿਚ ਭਾਰਤ ਦੇ ਚੋਟੀ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ ਵਾਲੀਆਂ ਵਜ੍ਹਾ ਦੇ ਤੌਰ 'ਤੇ ਭੂ-ਰਾਜਨੀਤਿਕ ਅਤੇ ਆਰਥਿਕ ਭਾਈਵਾਲੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਗਲੇ ਪੱਧਰ ਵੱਲ ਵੱਧ ਰਹੇ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿਚ ਨਵੀਂ ਗਤੀਸ਼ੀਲਤਾ ਪੈਦਾ ਹੋਈ ਹੈ। ਇੱਥੇ ‘ਇੰਡੀਅਨ ਅਮਰੀਕਨ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ’ ਦੀ 30ਵੀਂ ਵਰ੍ਹੇਗੰਢ ਨੂੰ ਸੰਬੋਧਨ ਕਰਦਿਆਂ ਰਾਜਦੂਤ ਸੰਧੂ ਨੇ ਕਿਹਾ ਕਿ ਸਬੰਧਾਂ ਦੀ ਮਜ਼ਬੂਤੀ ਵਿਚ ਭਾਰਤ ਦੀਆਂ ਘਰੇਲੂ ਸਮਰੱਥਾਵਾਂ ਅਹਿਮ ਕਾਰਕ ਰਹੀਆਂ ਹਨ। ਉਨ੍ਹਾਂ ਕਿਹਾ, “ਪਿਛਲੇ ਕੁਝ ਸਾਲਾਂ ਵਿੱਚ ਆਰਥਿਕ ਭਾਗੀਦਾਰੀ ਸੱਚਮੁੱਚ ਤੇਜ਼ ਹੋਈ ਹੈ। ਜਦੋਂ 2020 ਵਿਚ ਮੈਂ ਰਾਜਦੂਤ ਦਾ ਅਹੁਦਾ ਸੰਭਾਲਿਆ ਸੀ ਤਾਂ ਭਾਰਤ-ਅਮਰੀਕਾ ਦਾ ਵਪਾਰ ਲਗਭਗ 146 ਅਰਬ ਡਾਲਰ ਸੀ। ਪਿਛਲੇ ਸਾਲ ਇਹ 190 ਅਰਬ ਡਾਲਰ ਦੇ ਪਾਰ ਚਲਾ ਗਿਆ, ਜੋ ਕੋਵਿਡ ਅਤੇ ਕੋਈ ਐੱਫ.ਟੀ.ਏ. (ਮੁਕਤ ਵਪਾਰ ਸਮਝੌਤਾ) ਨਾ ਹੋਣ ਦੇ ਬਾਵਜੂਦ ਸਿਰਫ਼ ਤਿੰਨ ਸਾਲਾਂ ਵਿੱਚ 30 ਫ਼ੀਸਦੀ ਦਾ ਜ਼ਿਕਰਯੋਗ ਵਾਧਾ ਹੈ।' ਸੰਧੂ ਨੇ ਕਿਹਾ ਕਿ ਇਸ ਗਤੀਸ਼ੀਲਤਾ ਨੂੰ ਆਕਾਰ ਦੇਣ ਵਿਚ ਭੂ-ਰਾਜਨੀਤੀ ਇੱਕ ਕਾਰਕ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਉਦਯੋਗ ਲਈ ਇੱਕ ਚੇਤਾਵਨੀ ਸੀ ਕਿ ਹੁਣ ਪਹਿਲਾਂ ਦੀ ਤਰ੍ਹਾਂ ਵਪਾਰ ਨਹੀਂ ਹੋ ਸਕਦਾ, ਖ਼ਾਸ ਕਰਕੇ ਜਦੋਂ ਗੱਲ ਗਲੋਬਲ ਸਪਲਾਈ ਚੇਨਾਂ ਦੀ ਆਉਂਦੀ ਹੈ।

ਉਨ੍ਹਾਂ ਕਿਹਾ, 'ਅਮਰੀਕਾ ਦੀਆਂ 2,000 ਤੋਂ ਵੱਧ ਕੰਪਨੀਆਂ ਭਾਰਤ ਵਿੱਚ ਆਪਣੀ ਮੌਜੂਦਗੀ ਵਧਾਉਣਾ ਚਾਹੁੰਦੀਆਂ ਹਨ, ਜਦੋਂ ਕਿ ਅਮਰੀਕਾ ਦੇ ਸਾਰੇ 50 ਰਾਜਾਂ ਵਿਚ ਭਾਰਤ ਦੀ 200 ਤੋਂ ਵੱਧ ਭਾਰਤੀ ਕੰਪਨੀਆਂ ਮੌਜੂਦ ਹਨ। ਭਾਰਤ ਦੀ ਘਰੇਲੂ ਸਮਰੱਥਾ ਇਸ ਗਤੀਸ਼ੀਲਤਾ ਵਿੱਚ ਇੱਕ ਮਹੱਤਵਪੂਰਨ ਕਾਰਕ ਰਹੀ ਹੈ।' ਭਾਰਤੀ ਰਾਜਦੂਤ ਨੇ ਕਿਹਾ ਕਿ ਭਾਰਤ, ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਉਹ ਵੱਡੇ ਦੇਸ਼ਾਂ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਰਿਹਾ ਹੈ।