ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਹਥਿਆਰਾਂ ਸਣੇ ਹੋਇਆ ਗ੍ਰਿਫਤਾਰ। 

ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਹਥਿਆਰਾਂ ਸਣੇ ਹੋਇਆ ਗ੍ਰਿਫਤਾਰ। 

ਰੂਪਨਗਰ ਪੁਲਸ ਨੇ ਅਪਰਾਧਿਕ ਪਿਛੋਕੜ ਵਾਲੇ ਗ਼ੈਰ-ਸਮਾਜਿਕ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਮਲਕੀਤ ਸਿੰਘ ਨੂੰ 5 ਪਿਸਟਲ ਅਤੇ 20 ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਆਈ. ਪੀ. ਐੱਸ., ਸੀਨੀਅਰ ਕਪਤਾਨ ਪੁਲਸ ਵਿਵੇਕਸ਼ੀਲ ਸੋਨੀ ਰੂਪਨਗਰ ਨੇ ਦੱਸਿਆ ਕਿ ਪੀ. ਪੀ. ਐੱਸ. ਕਪਤਾਨ ਪੁਲਸ (ਡਿਟੈਕਟਿਵ) ਮਨਵਿੰਦਰਬੀਰ ਸਿੰਘ ਅਤੇ ਪੀ. ਪੀ. ਐੱਸ. ਉਪ ਕਪਤਾਨ ਪੁਲਸ (ਡਿਟੈਕਟਿਵ) ਰੂਪਨਗਰ ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਰੂਪਨਗਰ ਪੁਲਸ ਨੂੰ ਬਹੁਤ ਅਹਿਮ ਕਾਮਯਾਬੀ ਹਾਸਲ ਹੋਈ। ਵਿਵੇਕ ਸੋਨੀ ਨੇ ਦੱਸਿਆ ਕਿ 30 ਮਾਰਚ, 2023 ਨੂੰ ਇੰਚਾਰਜ ਸੀ. ਆਈ. ਏ. ਰੂਪਨਗਰ ਇੰਸਪੈਕਟਰ ਸਤਨਾਮ ਸਿੰਘ ਦੀ ਟੀਮ ਨੇ ਮੁਕੱਦਮਾ ਨੰਬਰ 18 ਮਿਤੀ 30.03.2025 ਅ/ਧ 25/54/59 ਆਰਮਜ਼ ਐਕਟ ਥਾਣਾ ਸਿੰਘ ਭਗਵੰਤਪੁਰ ਦਰਜ ਕਰਵਾ ਕੇ ਮਲਕੀਤ ਸਿੰਘ ਉਰਫ ਬਿੱਲਾ ਵਾਸੀ ਪਿੰਡ ਬਡਾਲਾ ਗ੍ਰੰਥੀਆਂ ਥਾਣਾ ਸੇਖਵਾਂ ਦੂਜਾ ਪਤਾ ਪਿੰਡ ਝਾੜੀਆਂਵਾਲਾ ਕਾਹਨੂੰਵਾਨ ਰੋਡ ਬਟਾਲਾ, ਹੁਣ ਵਾਸੀ ਹਰਕ੍ਰਿਸ਼ਨ ਕਾਲੋਨੀ ਨੇੜੇ ਪਾਣੀ ਵਾਲੀ ਟੈਂਕੀ ਬਡਾਲਾ ਰੋਡ ਖਰੜ ਥਾਣਾ ਸਿਟੀ ਖਰੜ ਜ਼ਿਲ੍ਹਾ ਐੱਸ. ਏ. ਐੱਸ. ਨਗਰ ਨੂੰ ਸਮੇਤ 5 ਪਿਸਟਲ ਅਤੇ 20 ਕਾਰਤੂਸ ਜ਼ਿੰਦਾ ਸਮੇਤ ਕਾਬੂ ਕੀਤਾ ਗਿਆ, ਜਿਸ ’ਚ ਤਿੰਨ ਪਿਸਟਲ .32 ਬੋਰ ਸਮੇਤ ਮੈਗਜ਼ੀਨ ਅਤੇ 20 ਜ਼ਿੰਦਾ ਕਾਰਤੂਸ ਤੋਂ ਇਲਾਵਾ 2 ਪਿਸਟਲ .450 ਬੋਰ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਮਲਕੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਬਟਾਲਾ ਸ਼ਹਿਰ ਵਿਖੇ ਆਪਣੀ ਵਿਰੋਧੀ ਪਾਰਟੀ ’ਤੇ ਫਾਇਰਿੰਗ ਕੀਤੀ ਸੀ, ਜਿਸ ਸਬੰਧੀ ਇਸ ਖ਼ਿਲਾਫ਼ ਮੁਕੱਦਮਾ ਨੰਬਰ 181, ਮਿਤੀ 08.11.2022 ਅ/ਧ 307, 148, 149, 379-ਬੀ ਆਈ. ਪੀ. ਸੀ., 25/54/59 ਆਰਮਜ਼ ਐਕਟ ਥਾਣਾ ਸਿਟੀ ਬਟਾਲਾ ਦਰਜ ਰਜਿਸਟਰ ਕੀਤਾ ਗਿਆ, ਜਿਸ ’ਚ ਇਹ ਦੋਸ਼ੀ ਭਗੌੜਾ ਚੱਲ ਰਿਹਾ ਸੀ। ਰੂਪਨਗਰ ਪੁਲਸ ਵੱਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁਰਗੇ, ਜੋ ਪੁਲਸ ਜ਼ਿਲ੍ਹਾ ਬਟਾਲਾ ਵਿਖੇ ਇਰਾਦਾ ਕਤਲ ਦੇ ਕੇਸ ’ਚ ਲੋੜੀਂਦਾ/ਭਗੌੜੇ ਨੂੰ 15 ਮਾਰੂ ਹਥਿਆਰਾਂ ਸਮੇਤ 20 ਜ਼ਿੰਦਾ ਰੌਂਦ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਦੇ ਇਨ੍ਹਾਂ ਹਥਿਆਰਾਂ ਨਾਲ ਪੰਜਾਬ ’ਚ ਗੰਭੀਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਖ਼ਤਰਨਾਕ ਮਨਸੂਬੇ ਫੇਲ੍ਹ ਹੋਏ ਹਨ। ਇਸ ਗੈਂਗ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਨਾਜਾਇਜ਼ ਹਥਿਆਰ ਅਤੇ ਨਸ਼ਾ ਸਪਲਾਈ ਕਰਨ ਦਾ ਕੰਮ ਵੀ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਸੀ।