ਭਾਰਤ ਦੀ ਸੁਪਰ ਪਾਵਰ ਅਮਰੀਕਾ ਨਾਲ ''ਸੁਪਰ 8 ਡੀਲਜ਼'', ਰੇਲਵੇ ਤੋਂ ਲੈ ਕੇ ਪੁਲਾੜ ਤਕ ਕਰਾਰ

ਭਾਰਤ ਦੀ ਸੁਪਰ ਪਾਵਰ ਅਮਰੀਕਾ ਨਾਲ ''ਸੁਪਰ 8 ਡੀਲਜ਼'', ਰੇਲਵੇ ਤੋਂ ਲੈ ਕੇ ਪੁਲਾੜ ਤਕ ਕਰਾਰ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਦਿਨਾ ਅਮਰੀਕਾ ਦੌਰੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਵਿਚਾਲੇ ਕਈ ਅਹਿਮ ਸਮਝੌਤੇ ਹੋਏ ਹਨ। ਦੋਵਾਂ ਦੇਸ਼ਾਂ ਦੇ ਲੀਡਰਾਂ ਨੇ ਵ੍ਹਾਈਟ ਹਾਊਸ 'ਚ ਬੈਠ ਕੇ ਦੁਵੱਲੀ ਗੱਲਬਾਤ ਕੀਤੀ ਤੇ ਅੱਠ ਅਹਿਮ ਸਮਝੌਤਿਆਂ 'ਤੇ ਮੋਹਰ ਲਾਈ।ਇਨ੍ਹਾਂ ਸਮਝੌਤਿਆਂ 'ਤੇ ਦਸਤਖ਼ਤ ਹੋਣ ਤੋਂ ਬਾਅਦ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਹੋਰ ਵੀ ਮਜ਼ਬੂਤ ​​ਹੋਣਗੇ। ਮੀਟਿੰਗ ਤੋਂ ਬਾਅਦ ਪੀਐਮ ਮੋਦੀ ਤੇ ਰਾਸ਼ਟਰਪਤੀ ਜੋਅ ਬਿਡੇਨ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਦੇ ਹੋਏ ਡਰੋਨ, ਜੈੱਟ ਇੰਜਣ ਤੇ ਪੁਲਾੜ ਸਮੇਤ ਕਈ ਸਮਝੌਤਿਆਂ ਦਾ ਐਲਾਨ ਕੀਤਾ।

ਆਰਟੇਮਿਸ ਐਕਾਰਡਜ਼ 'ਤੇ ਦੋਵੇਂ ਦੇਸ਼ ਸਹਿਮਤ
ਭਾਰਤ ਅਤੇ ਅਮਰੀਕਾ ਵਿਚਾਲੇ ਸਭ ਤੋਂ ਮਹੱਤਵਪੂਰਨ ਸਮਝੌਤਿਆਂ 'ਚ 'ਆਰਟੇਮਿਸ ਐਕਾਰਡਸ' ਸ਼ਾਮਲ ਹੈ। ਇਸ ਦੇ ਜ਼ਰੀਏ ਸਮਾਨ ਸੋਚ ਵਾਲੇ ਦੇਸ਼ਾਂ ਦੇ ਨਾਗਰਿਕ ਪੁਲਾੜ ਖੋਜ ਦੇ ਮੁੱਦੇ 'ਤੇ ਇਕੱਠੇ ਕੰਮ ਕਰਦੇ ਹਨ। ਸਾਲ 2024 ਵਿਚ ਨਾਸਾ ਤੇ ਇਸਰੋ ਮਿਲ ਕੇ ਸੰਯੁਕਤ ਮਿਸ਼ਨ ਲਈ ਸਹਿਮਤ ਹੋਏ ਹਨ। ਇਸ ਮਿਸ਼ਨ ਦੇ ਪੂਰਾ ਹੋਣ ਤੋਂ ਬਾਅਦ ਭਾਰਤ ਪੁਲਾੜ ਵਿਚ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਜਾਵੇਗਾ। ਅਗਲੇ ਸਾਲ ਭਾਰਤੀ ਪੁਲਾੜ ਯਾਤਰੀ ਵੀ ਨਾਸਾ ਰਾਹੀਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਯਾਤਰਾ ਕਰਨਗੇ।

ਗੁਜਰਾਤ ਵਿੱਚ ਸਥਾਪਿਤ ਹੋਵੇਗਾ ਸੈਮੀਕੰਡਕਟਰ ਪਲਾਂਟ
ਕੰਪਿਊਟਰ ਚਿੱਪ ਬਣਾਉਣ ਵਾਲੀ ਕੰਪਨੀ ਮਾਈਕ੍ਰੋਨ ਨੇ ਗੁਜਰਾਤ ਵਿਚ ਆਪਣੀ ਸੈਮੀਕੰਡਕਟਰ ਅਸੈਂਬਲੀ ਤੇ ਟੈਸਟਿੰਗ ਦਾ ਪਲਾਂਟ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਮਾਈਕ੍ਰੋਨ ਟੈਕਨਾਲੋਜੀ ਅਤੇ ਇੰਡੀਆ ਨੈਸ਼ਨਲ ਸੈਮੀਕੰਡਕਟਰ ਮਿਸ਼ਨ ਮਿਲ ਕੇ ਭਾਰਤ ਵਿਚ ਸੈਮੀਕੰਡਕਟਰ ਬਣਾਉਣਗੇ। ਇਸ ਦੇ ਲਈ ਕੰਪਨੀ ਵੱਲੋਂ 2.75 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ। 

ਭਾਰਤ 'ਚ ਬਣਨਗੇ ਲੜਾਕੂ ਜਹਾਜ਼ ਦੇ ਇੰਜਣ
ਜੀਈ ਏਅਰੋਸਪੇਸ ਕੰਪਨੀ ਦਾ ਇੰਜਣ ਨਿਰਮਾਣ ਪਲਾਂਟ ਭਾਰਤ ਵਿਚ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਲੜਾਕੂ ਜਹਾਜ਼ਾਂ ਦੇ ਇੰਜਣ ਭਾਰਤ ਵਿਚ ਬਣਨੇ ਸ਼ੁਰੂ ਹੋ ਜਾਣਗੇ। ਜਾਣਕਾਰੀ ਮੁਤਾਬਕ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ਤੇਜਸ ਦੇ ਮੇਕ-2 ਦਾ F414 ਇੰਜਣ ਇਸ ਕੰਪਨੀ 'ਚ ਬਣੇਗਾ। ਇਸ ਤਹਿਤ GE ਏਅਰੋਸਪੇਸ ਹੁਣ HAL ਦੇ ਨਾਲ ਮਿਲ ਕੇ ਭਾਰਤੀ ਹਵਾਈ ਫ਼ੌਜ ਲਈ ਲੜਾਕੂ ਜੈਟ ਇੰਜਣ ਬਣਾਏਗੀ।

ਅਮਰੀਕਾ ਨੇ ਦੋ ਭਾਰਤੀ ਸਟਾਰਟਅੱਪਸ ਨਾਲ MoU 'ਤੇ ਕੀਤੇ ਹਸਤਾਖ਼ਰ
ਭਾਰਤ ਅਤੇ ਅਮਰੀਕਾ ਸਾਂਝੇ ਤੌਰ 'ਤੇ ਯੂਐਸ-ਇੰਡੀਆ ਡਿਫੈਂਸ ਐਕਸਲਰੇਸ਼ਨ ਈਕੋਸਿਸਟਮ (INDUS-X) ਨੂੰ ਲਾਂਚ ਕਰਨ ਲਈ ਸਹਿਮਤ ਹੋਏ ਹਨ, ਜਿਸ ਨੈੱਟਵਰਕ 'ਚ ਦੋਵਾਂ ਦੇਸ਼ਾਂ ਦੀ ਯੂਨੀਵਰਸਿਟੀ, ਸਟਾਰਟਅਪਸ, ਇੰਡਸਟਰੀ ਤੇ ਥਿੰਕ ਟੈਂਕਸ ਸ਼ਾਮਲ ਹੋਣਗੇ।ਅਮਰੀਕੀ ਰੱਖਿਆ ਸਪੇਸ ਫੋਰਸ ਵਿਭਾਗ ਨੇ ਭਾਰਤ ਦੇ ਸਟਾਰਟਅੱਪਸ 114AI ਅਤੇ 3rdiTech ਨਾਲ ਐਮਓਯੂ 'ਤੇ ਦਸਤਖਤ ਕੀਤੇ ਹਨ। ਇਸ ਸਮਝੌਤੇ ਤੋਂ ਬਾਅਦ ਭਾਰਤੀ ਸਟਾਰਟਅੱਪ ਕੰਪਨੀਆਂ ਆਉਣ ਵਾਲੇ ਸਮੇਂ 'ਚ ਦੁਨੀਆ ਦੇ ਹੋਰ ਦੇਸ਼ਾਂ ਨੂੰ ਵੀ ਆਪਣੇ ਹਥਿਆਰਾਂ ਦੀ ਸਪਲਾਈ ਕਰ ਸਕਣਗੀਆਂ।

ਲੜਾਕੂ ਡਰੋਨ ਦੇ ਸਮਝੌਤੇ 'ਤੇ ਲੱਗੀ ਮੋਹਰ
ਭਾਰਤ ਅਤੇ ਅਮਰੀਕਾ ਵਿਚਾਲੇ MQ-9 ਰੀਪਰ ਡਰੋਨ ਦੀ ਖਰੀਦ 'ਤੇ ਵੀ ਮੋਹਰ ਲਗਾ ਦਿੱਤੀ ਗਈ ਹੈ। ਇਸ ਨੂੰ ਹਿੰਦ ਮਹਾਸਾਗਰ, ਚੀਨੀ ਸਰਹੱਦ ਦੇ ਨਾਲ-ਨਾਲ ਹੋਰ ਕੌਮਾਂਤਰੀ ਸਰਹੱਦਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤਾਇਨਾਤ ਕੀਤਾ ਜਾਵੇਗਾ। ਇਸ ਸੌਦੇ ਤਹਿਤ ਭਾਰਤ ਨੂੰ 29,000 ਕਰੋੜ ਰੁਪਏ 'ਚ 30 ਲੜਾਕੂ ਡਰੋਨ ਮਿਲਣਗੇ। ਦੋਵਾਂ ਦੇਸ਼ਾਂ ਵਿਚਾਲੇ ਹੋਏ ਇਸ ਸਮਝੌਤੇ ਤੋਂ ਚੀਨ ਕਾਫੀ ਨਾਰਾਜ਼ ਹੈ।ਫਿਲਹਾਲ ਇਹ ਡਰੋਨ ਭਾਰਤ ਨੂੰ ਪਾਇਲਟ ਪ੍ਰੋਜੈਕਟ ਤਹਿਤ ਦਿੱਤੇ ਜਾਣਗੇ, ਜਿਸ ਤੋਂ ਬਾਅਦ ਤਿੰਨਾਂ ਫੌਜਾਂ ਤੋਂ ਫੀਡਬੈਕ ਲੈਣ ਤੋਂ ਬਾਅਦ ਇਨ੍ਹਾਂ ਦਾ ਨਿਰਮਾਣ ਵੀ ਭਾਰਤ 'ਚ ਕੀਤਾ ਜਾਵੇਗਾ।

ਭਾਰਤ 'ਚ ਸਥਾਪਿਤ ਹੋਣਗੇ ਦੋ ਨਵੇਂ ਅਮਰੀਕੀ ਦੂਤਘਰ
ਅਮਰੀਕਾ ਨੇ ਭਾਰਤ ਦੇ ਹੈਦਰਾਬਾਦ ਤੇ ਬੈਂਗਲੁਰੂ ਵਿੱਚ ਦੋ ਨਵੇਂ ਦੂਤਘਰ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਦੇਸ਼ ਦੀ ਰਾਜਧਾਨੀ ਵਿਚ ਅਮਰੀਕੀ ਦੂਤਾਘਰ ਦੁਨੀਆ ਦੇ ਸਭ ਤੋਂ ਵੱਡੇ ਦੂਤਘਰਾਂ ਵਿੱਚੋਂ ਇੱਕ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਅਮਰੀਕੀ ਦੂਤਘਰ ਮੁੰਬਈ, ਕੋਲਕਾਤਾ, ਚੇਨਈ ਤੇ ਹੈਦਰਾਬਾਦ 'ਚ ਚਾਰ ਕੌਂਸਲੇਟਾਂ ਨਾਲ ਤਾਲਮੇਲ ਕਰਦਾ ਹੈ ਤੇ ਇਹ ਯਕੀਨੀ ਬਣਾਉਂਦਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਕੋਈ ਤਣਾਅ ਨਾ ਹੋਵੇ।

ਰੇਲਵੇ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਹੋਇਆ ਕਰਾਰ
ਭਾਰਤੀ ਰੇਲਵੇ ਤੇ ਅਮਰੀਕੀ ਸੰਘੀ ਸਰਕਾਰ ਦੀ ਇਕ ਸੁਤੰਤਰ ਏਜੰਸੀ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ/ਇੰਡੀਆ (ਯੂਐੱਸਏਆਈਡੀ/ਭਾਰਤ) ਨੇ 14 ਜੂਨ ਨੂੰ ਇੱਕ ਸਮਝੌਤਾ ਕੀਤਾ। USAID/ਭਾਰਤ ਆਰਥਿਕ ਵਿਕਾਸ, ਖੇਤੀਬਾੜੀ ਸੈਕਟਰ, ਵਪਾਰ, ਸਵੱਛ ਊਰਜਾ, ਲੋਕਤੰਤਰ, ਮਾਨਵਤਾਵਾਦੀ ਸਹਾਇਤਾ, ਜਲਵਾਯੂ ਪਰਿਵਰਤਨ ਦੇ ਮੁੱਦਿਆਂ ਵਿੱਚ ਸਹਾਇਤਾ ਕਰਕੇ ਅੰਤਰਰਾਸ਼ਟਰੀ ਵਿਕਾਸ ਦਾ ਸਮਰਥਨ ਕਰਦਾ ਹੈ।

iCET ਦੀ ਪਹਿਲਾਂ ਹੀ ਹੋ ਚੁੱਕੀ ਹੈ ਸ਼ੁਰੂਆਤ
ਭਾਰਤ ਅਤੇ ਅਮਰੀਕਾ ਵਿਚਕਾਰ ਇਨੀਸ਼ਿਏਟਿਵ ਆਨ ਕ੍ਰਿਟੀਕਲ ਐਂਡ ਇਮਰਜਿੰਗ ਟੈਕਨਾਲੌਜੀ (iCET) ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਹਾਲਾਂਕਿ ਇਸ ਦੀ ਸ਼ੁਰੂਆਤ ਦੋਵਾਂ ਦੇਸ਼ਾਂ ਵਿਚਾਲੇ ਜਨਵਰੀ 'ਚ ਹੀ ਹੋ ਗਈ ਸੀ ਪਰ ਅਮਰੀਕੀ ਦੌਰੇ 'ਤੇ ਇਸ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਨੇ ਸਮਝੌਤਾ ਕੀਤਾ ਹੈ ਕਿ ਉਹ ਆਪਸ ਵਿਚ ਗੁੰਝਲਦਾਰ ਤਕਨਾਲੋਜੀ ਸਾਂਝੀ ਕਰਨਗੇ ਤੇ ਇਸਨੂੰ ਸੁਰੱਖਿਅਤ ਰੱਖਣਗੇ।