ਕੈਨੇਡਾ ‘ਚ ਬੱਚੇ ਦੇ ਅਗਵਾ ਮਾਮਲੇ ‘ਚ ਭਾਰਤੀ ਮੂਲ ਦੇ ਵਿਅਕਤੀ ‘ਤੇ ਡਿਪੋਰਟ ਦੀ ਤਲਵਾਰ

ਕੈਨੇਡਾ ‘ਚ ਬੱਚੇ ਦੇ ਅਗਵਾ ਮਾਮਲੇ ‘ਚ ਭਾਰਤੀ ਮੂਲ ਦੇ ਵਿਅਕਤੀ ‘ਤੇ ਡਿਪੋਰਟ ਦੀ ਤਲਵਾਰ

ਕੈਨੇਡਾ ਵਿੱਚ ਇੱਕ ਬੱਚੇ ਦੇ ਅਗਵਾ ਦੇ ਮਾਮਲੇ ਵਿੱਚ 18 ਮਹੀਨਿਆਂ ਦੀ ਸਜ਼ਾ ਕੱਟ ਰਹੇ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਵਾਪਸ ਭਾਰਤ ਭੇਜਿਆ (ਡਿਪੋਰਟ ਕੀਤਾ) ਜਾ ਸਕਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, 37 ਸਾਲਾ ਮਨੋਜ ਗੋਵਿੰਦਬਾਲੂਨਿਕਮ ਨੂੰ ਸਾਲ 2023 'ਚ ਥੇਸਾਲੋਨ 'ਚ ਇੱਕ ਬੱਚੇ ਨੂੰ ਅਗਵਾ ਕਰਨ ਦੇ ਦੋਸ਼ 'ਚ ਇਸੇ ਮਹੀਨੇ ਦੀ ਸ਼ੁਰੂਆਤ 'ਚ ਸਜ਼ਾ ਸੁਣਾਈ ਗਈ ਸੀ। ਜੱਜ ਮਾਈਕਲ ਵਾਰਪਿਓ ਨੇ 21 ਅਪ੍ਰੈਲ ਨੂੰ ਸਾਲਟ ਕੋਰਟਹਾਊਸ 'ਚ ਇਹ ਫੈਸਲਾ ਸੁਣਾਇਆ। 

ਅਦਾਲਤੀ ਦਸਤਾਵੇਜ਼ਾਂ ਮੁਤਾਬਕ, 2023 'ਚ ਗੋਵਿੰਦਬਾਲੂਨਿਕਮ ਨੇ ਇੱਕ ਨੌਂ ਸਾਲਾ ਬੱਚੇ ਨਾਲ ਗੱਲਬਾਤ ਕੀਤੀ, ਉਸਨੂੰ ਇੱਕ ਫਿਰਕੀ (Fidget Spinner) ਦੇਣ ਦੀ ਪੇਸ਼ਕਸ਼ ਕੀਤੀ ਤੇ ਆਪਣਾ ਬਿਜ਼ਨਸ ਕਾਰਡ ਦਿੱਤਾ। ਇਸ ਤੋਂ ਬਾਅਦ ਉਸ ਨੇ ਬੱਚੇ ਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ। ਜਦੋਂ ਉਹ ਬੱਚੇ ਦੇ ਘਰ ਕੋਲ ਪਹੁੰਚੇ ਅਤੇ ਬੱਚੇ ਨੇ ਗੱਡੀ ਰੋਕਣ ਲਈ ਕਿਹਾ, ਤਾਂ ਗੋਵਿੰਦਬਾਲੂਨਿਕਮ ਨੇ ਗੱਡੀ ਦੀ ਰਫਤਾਰ ਤਾਂ ਹੌਲੀ ਕੀਤੀ ਪਰ ਗੱਡੀ ਰੋਕਣ ਦੀ ਬਜਾਏ ਉਸਨੂੰ ਘਰ ਤੋਂ ਅੱਗੇ ਲੈ ਗਿਆ।

ਗੋਵਿੰਦਬਾਲੂਨਿਕਮ ਨੇ ਅਦਾਲਤ 'ਚ ਆਪਣੇ ਦੋਸ਼ ਕਬੂਲ ਕਰ ਲਏ ਸਨ। ਉਸਦੇ ਵਕੀਲ ਨੇ ਦਾਅਵਾ ਕੀਤਾ ਕਿ ਇਹ ਪੂਰਾ ਮਾਮਲਾ ਇੱਕ "ਗਲਤਫਹਿਮੀ" 'ਤੇ ਅਧਾਰਤ ਸੀ ਅਤੇ ਉਸਨੂੰ ਭਾਰਤ ਭੇਜੇ ਜਾਣ ਤੋਂ ਬਚਾਉਣ ਲਈ 'ਸ਼ਰਤੀਆ ਰਿਹਾਈ' ਦੀ ਮੰਗ ਕੀਤੀ ਸੀ। ਹਾਲਾਂਕਿ, ਕੈਨੇਡਾ ਦੇ ਇਮੀਗ੍ਰੇਸ਼ਨ ਤੇ ਰਫਿਊਜੀ ਪ੍ਰੋਟੈਕਸ਼ਨ ਐਕਟ ਦੇ ਤਹਿਤ, ਜੇਕਰ ਕਿਸੇ ਵਿਅਕਤੀ ਨੂੰ ਛੇ ਮਹੀਨੇ ਜਾਂ ਉਸ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਹੁੰਦੀ ਹੈ ਤਾਂ ਉਹ ਦੇਸ਼ 'ਚ ਰਹਿਣ ਲਈ ਅਯੋਗ ਹੋ ਜਾਂਦਾ ਹੈ, ਜਿਸ ਕਾਰਨ ਉਸਨੂੰ ਡਿਪੋਰਟ ਕੀਤਾ ਜਾ ਸਕਦਾ ਹੈ।