NASA ਨੇ ਭਾਰਤੀ ਮੂਲ ਦੇ ਸਾਫਟਵੇਅਰ ਇੰਜੀਨੀਅਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ। 

NASA ਨੇ ਭਾਰਤੀ ਮੂਲ ਦੇ ਸਾਫਟਵੇਅਰ ਇੰਜੀਨੀਅਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ। 

ਭਾਰਤੀ-ਅਮਰੀਕੀ ਸਾਫਟਵੇਅਰ ਅਤੇ ਰੋਬੋਟਿਕਸ ਇੰਜੀਨੀਅਰ ਅਮਿਤ ਕਸ਼ੱਤਰੀਆ ਨੂੰ ਨਾਸਾ ਦੇ ਨਵੇਂ ‘ਮੂਨ ਟੂ ਮਾਰਸ’ ਪ੍ਰੋਗਰਾਮ ਦਾ ਪਹਿਲਾ ਮੁਖੀ ਨਾਮਜ਼ਦ ਕੀਤਾ ਗਿਆ ਹੈ। ਇਹ ਪ੍ਰੋਗਰਾਮ ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਚੰਦਰਮਾ 'ਤੇ ਲੰਮੀ ਮਿਆਦ ਦੀ ਮੌਜੂਦਗੀ ਦੀਆਂ ਤਿਆਰੀਆਂ ਨੂੰ ਯਕੀਨੀ ਬਣਾਏਗਾ ਤਾਂ ਕਿ ਮਨੁੱਖ ਨੂੰ ਪੁਲਾੜ ਵਿਗਿਆਨ ਦੀ ਨਵੀਂ ਉਪਲੱਬਧੀ ਤਹਿਤ ਲਾਲ ਗ੍ਰਹਿ (ਮੰਗਲ) ਤੱਕ ਭੇਜਿਆ ਜਾ ਸਕੇ। ਏਜੰਸੀ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਕਸ਼ੱਤਰੀਆ ਨਾਸਾ ਵੱਲੋਂ ਬਣਾਏ ਗਏ ਦਫ਼ਤਰ ਦੇ ਪਹਿਲੇ ਮੁਖੀ ਦੇ ਤੌਰ 'ਤੇ ਤੁਰੰਤ ਪ੍ਰਭਾਵ ਨਾਲ ਕੰਮ ਸ਼ੁਰੂ ਕਰਨਗੇ। ਨਾਸਾ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਵੇਂ ਦਫ਼ਤਰ ਦਾ ਉਦੇਸ਼ਚੰਦਰਮਾ ਅਤੇ ਮੰਗਲ 'ਤੇ ਮਨੁੱਖੀ ਖੋਜ ਗਤੀਵਿਧੀਆਂ ਨੂੰ ਅੰਜਾਮ ਦੇਣਾ ਹੈ ਤਾਂ ਕਿ ਪੂਰੀ ਮਨੁੱਖਤਾ ਨੂੰ ਉਸ ਦਾ ਫਾਇਦਾ ਮਿਲ ਸਕੇ। ਨੈਲਸਨ ਨੇ ਕਿਹਾ, ‘ਮੂਨ ਟੂ ਮਾਰਸ’ ਪ੍ਰੋਗਰਾਮ ਦਫ਼ਤਰ ਨਾਸਾ ਨੂੰ ਚੰਦਰਮਾ ਤੱਕ ਮਿਸ਼ਨ ਨੂੰ ਪੂਰਾ ਕਰਨ ਅਤੇ ਮੰਗਲ ਗ੍ਰਹਿ 'ਤੇ ਪਹਿਲੀ ਵਾਰ ਮਨੁੱਖ ਨੂੰ ਭੇਜਣ ਦੀਆਂ ਤਿਆਰੀਆਂ ਵਿਚ ਮਦਦ ਕਰੇਗਾ।" ਰੀਲੀਜ਼ ਦੇ ਅਨੁਸਾਰ ਕਸ਼ੱਤਰੀਆ ਚੰਦਰਮਾ ਅਤੇ ਮੰਗਲ ਗ੍ਰਹਿ 'ਤੇ ਮਨੁੱਖੀ ਮਿਸ਼ਨ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੋਣਗੇ। ਕਸ਼ੱਤਰੀਆ ਨੇ ਏਕੀਕ੍ਰਿਤ ਸਪੇਸ ਲਾਂਚ ਸਿਸਟਮ 'ਓਰੀਅਨ' ਅਤੇ "ਐਕਸਪਲੋਰੇਸ਼ਨ ਗਰਾਊਂਡ ਸਿਸਟਮ ਪ੍ਰੋਗਰਾਮ" ਦਾ ਨਿਰਦੇਸ਼ਨ ਅਤੇ ਅਗਵਾਈ ਕੀਤੀ ਹੈ।

ਪਿਛਲੇ ਸਮੇਂ ਵਿੱਚ ਕਸ਼ੱਤਰੀਆ ਜਨਰਲ ਇਨਵੈਸਟੀਗੇਸ਼ਨ ਸਿਸਟਮ ਡਿਵੈਲਪਮੈਂਟ ਡਿਵੀਜ਼ਨ ਦੇ ਐਕਟਿੰਗ ਐਸੋਸੀਏਟ ਡਾਇਰੈਕਟਰ ਦੇ ਅਹੁਦੇ 'ਤੇ ਕੰਮ ਕਰ ਚੁੱਕੇ ਹਨ। ਕਸ਼ੱਤਰੀਆ ਨੇ ਸਾਲ 2003 ਵਿੱਚ ਪੁਲਾੜ ਪ੍ਰੋਗਰਾਮ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। 2014 ਤੋਂ 2017 ਤੱਕ, ਉਹ ਸਪੇਸ ਸੈਂਟਰ ਫਲਾਈਟ ਡਾਇਰੈਕਟਰ ਦੇ ਅਹੁਦੇ 'ਤੇ ਰਹੇ। ਕਸ਼ੱਤਰੀਆ ਭਾਰਤ ਤੋਂ ਅਮਰੀਕਾ ਆਏ ਪਹਿਲੀ ਪੀੜ੍ਹੀ ਦੇ ਪ੍ਰਵਾਸੀ ਦੇ ਬੱਚੇ ਹਨ ਅਤੇ ਉਨ੍ਹਾਂ ਨੇ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਗਣਿਤ ਵਿਗਿਆਨ ਵਿੱਚ ਬੈਚਲਰ ਡਿਗਰੀ ਕੀਤੀ ਹੈ ਅਤੇ ਟੈਕਸਾਸ ਯੂਨੀਵਰਸਿਟੀ ਤੋਂ ਗਣਿਤ ਵਿੱਚ ਐਮ.ਏ. ਦੀ ਉਪਾਧੀ ਹਾਸਲ ਕੀਤੀ ਹੈ।