- Updated: June 17, 2025 04:26 PM
ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਵਾਹਨ ਹਟਾਉਣ (ਟੋਇੰਗ) ਉਦਯੋਗ ਨਾਲ ਸਬੰਧਤ ਇੱਕ ਸੰਗਠਿਤ ਅਪਰਾਧਿਕ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ ਪੁਲਸ ਨੇ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ 42 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਲੋਕ ਭਾਰਤੀ ਮੂਲ ਦੇ ਹਨ। 'ਟੋਇੰਗ ਇੰਡਸਟਰੀ' ਦਾ ਅਰਥ ਵਾਹਨਾਂ ਲਈ ਸੜਕੀ ਆਵਾਜਾਈ ਸੇਵਾ ਪ੍ਰਦਾਨ ਕਰਨਾ ਹੈ। ਇਸ ਉਦਯੋਗ ਵਿੱਚ ਸੜਕ ਤੋਂ ਟੁੱਟੇ, ਜ਼ਬਤ ਕੀਤੇ ਜਾਂ ਗੈਰ-ਕਾਨੂੰਨੀ ਤੌਰ 'ਤੇ ਪਾਰਕ ਕੀਤੇ ਵਾਹਨਾਂ ਨੂੰ ਹਟਾਉਣ ਲਈ ਵਿਸ਼ੇਸ਼ ਟਰੱਕਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਸੋਮਵਾਰ ਨੂੰ ਇੱਕ ਅਧਿਕਾਰਤ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਇਹ ਗ੍ਰਿਫ਼ਤਾਰੀਆਂ ਪੀਲ ਰੀਜਨਲ ਪੁਲਸ ਦੁਆਰਾ ਸਥਾਨਕ ਅਤੇ ਸੂਬਾਈ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਨਾਲ ਇੱਕ ਸਾਂਝੇ ਫੋਰਸ ਆਪ੍ਰੇਸ਼ਨ ਤਹਿਤ ਕੀਤੀਆਂ ਗਈਆਂ ਹਨ। ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ 'ਟੋਇੰਗ ਇੰਡਸਟਰੀ' ਨਾਲ ਸਬੰਧਤ ਇੱਕ ਸੰਗਠਿਤ ਅਪਰਾਧਿਕ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ 18 ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 42 ਲੱਖ ਡਾਲਰ ਤੋਂ ਵੱਧ ਦੀ ਜਾਇਦਾਦ ਬਰਾਮਦ ਕੀਤੀ ਗਈ ਹੈ। ਹਾਲਾਂਕਿ ਰਿਲੀਜ਼ ਵਿੱਚ ਮੁਲਜ਼ਮਾਂ ਦੀ ਕੌਮੀਅਤ ਦਾ ਜ਼ਿਕਰ ਨਹੀਂ ਹੈ, ਪਰ ਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਹਨ। ਪੁਲਸ ਨੇ ਦੱਸਿਆ ਕਿ 10 ਜੂਨ ਤੱਕ ਜਾਂਚ ਦੇ ਸਬੰਧ ਵਿੱਚ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਨ੍ਹਾਂ ਵਿੱਚ ਕਿੰਗ ਸਿਟੀ ਦੀ 37 ਸਾਲਾ ਔਰਤ ਹਲੇਹ ਜਾਵੇਦ ਤੋਰਾਬੀ ਅਤੇ ਬਰੈਂਪਟਨ ਦੇ 17 ਪੁਰਸ਼ ਸ਼ਾਮਲ ਹਨ। ਜਿਨ੍ਹਾਂ ਵਿਅਕਤੀਆਂ ਦੇ ਨਾਂ ਸਾਹਮਣੇ ਆਏ ਹਨ, ਉਨ੍ਹਾਂ ਵਿੱਚ ਇੰਦਰਜੀਤ ਧਾਮੀ (38), ਪਰਿਤੋਸ਼ ਚੋਪੜਾ (32), ਗੁਰਬਿੰਦਰ ਸਿੰਘ (28), ਕੁਲਵਿੰਦਰ ਪੁਰੀ (25), ਪਰਮਿੰਦਰ ਪੁਰੀ (31), ਇੰਦਰਜੀਤ ਬੱਲ (29), ਵਰੁਣ ਔਲ (31), ਕੇਤਨ ਚੋਪੜਾ (30), ਨੌਰਮਨ ਤਾਜੇਕੰਦ (32), ਪਵਨਦੀਪ ਸਿੰਘ (24), ਰਾਹੁਲ ਵਰਮਾਂ (25), ਕਰਮਦੀਪ ਸਿੰਘ (25), ਰਾਹੁਲ ਵਰਮਾ (25), ਕਰਨ ਬੋਪਾਰਾਏ (26), ਮਨਕੀਰਤ ਬੋਪਾਰਾਏ (22), ਸਿਮਰ ਬੋਪਾਰਾਏ (21), ਜੋਵਨ ਸਿੰਘ (23) ਅਤੇ 25 ਸਾਲਾ ਅਭਿਨਵ ਭਾਰਦਵਾਜ। ਪੁਲਸ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਕੁੱਲ 97 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਅਪਰਾਧਿਕ ਗਿਰੋਹ ਚਲਾਉਣ, ਜਬਰੀ ਵਸੂਲੀ, ਧੋਖਾਧੜੀ, ਹਥਿਆਰ ਰੱਖਣ ਅਤੇ ਹੋਰ ਮਾਮਲੇ ਸ਼ਾਮਲ ਹਨ।