10 ਸਾਲਾ ਧੀ ਦੇ ਕਤਲ ਦੇ ਦੋਸ਼ ''ਚ ਯੂ.ਕੇ ’ਚ ਪੰਜਾਬੀ ਮੂਲ ਦੀ ਮਾਂ ’ਤੇ ਹੋਈ ਗ੍ਰਿਫ਼ਤਾਰ

10 ਸਾਲਾ ਧੀ ਦੇ ਕਤਲ ਦੇ ਦੋਸ਼ ''ਚ ਯੂ.ਕੇ ’ਚ ਪੰਜਾਬੀ ਮੂਲ ਦੀ ਮਾਂ ’ਤੇ ਹੋਈ ਗ੍ਰਿਫ਼ਤਾਰ

ਬ੍ਰਿਟੇਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਪੰਜਾਬੀ ਮੂਲ ਦੀ 33 ਸਾਲਾ ਔਰਤ ਅਦਾਲਤ ’ਚ ਪੇਸ਼ ਹੋਈ, ਜਿਸ ’ਤੇ ਅਪਣੀ 10 ਸਾਲਾ ਧੀ ਦਾ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ। 10 ਸਾਲਾ ਮਾਸੂਮ ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਦੇ ਇਕ ਸ਼ਹਿਰ ’ਚ ਅਪਣੇ ਘਰ ਵਿਚ ਮ੍ਰਿਤਕ ਪਾਈ ਗਈ।

 ਜਸਕੀਰਤ ਕੌਰ, ਜਿਸ ਨੂੰ ਜੈਸਮੀਨ ਕੰਗ ਵਜੋਂ ਵੀ ਜਾਣਿਆ ਜਾਂਦਾ ਹੈ, ਬੱਚੀ ਸ਼ੇਅ ਕੰਗ ਦੇ ਕਤਲ ਦੇ ਦੋਸ਼ ਹੇਠ ਵੁਲਵਰਹੈਂਪਟਨ ਮੈਜਿਸਟਰੇਟ ਅਦਾਲਤ ਵਿਚ ਪੇਸ਼ ਹੋਈ। ਬੱਚੀ ਨੂੰ ਉਸ ਦੇ ਸਕੂਲ ਵਿਚ ਸ਼ਰਧਾਂਜਲੀ ਸਮਾਗਮ ਵਿਚ ਖ਼ੁਸ਼ਦਿਲ ਦਸਿਆ ਗਿਆ ਸੀ। ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਕਿ ਬੱਚੀ ਸੋਮਵਾਰ ਨੂੰ ਰੌਲੇ ਰੇਗਿਸ ਦੇ ਇਕ ਪਤੇ ’ਤੇ ਸੱਟਾਂ ਨਾਲ ਮਿਲੀ ਅਤੇ ਉਸ ਨੂੰ ਮੌਕੇ ’ਤੇ ਮ੍ਰਿਤਕ ਐਲਾਨ ਦਿਤਾ ਗਿਆ ਸੀ। ਇਸ ਮਾਮਲੇ ਵਿਚ ਡਿਟੈਕਟਿਵ ਇੰਸਪੈਕਟਰ ਡੈਨ ਨੇ ਕਿਹਾ,“ਸਾਡੀ ਹਮਦਰਦੀ ਸ਼ੇਅ ਦੇ ਪਰਵਾਰ ਅਤੇ ਦੋਸਤਾਂ ਨਾਲ ਹੈ। ਉਸ ਦੀ ਦੁਖਦਾਈ ਮੌਤ ਨੇ ਉਸ ਨੂੰ ਜਾਣਨ ਵਾਲਿਆਂ ਦੇ ਨਾਲ-ਨਾਲ ਵਿਆਪਕ ਭਾਈਚਾਰੇ ’ਤੇ ਡੂੰਘਾ ਪ੍ਰਭਾਵ ਪਾਇਆ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਪਰਵਾਰ ਨੂੰ ਨਿੱਜੀ ਤੌਰ ’ਤੇ ਸੋਗ ਕਰਨ ਲਈ ਛੱਡ ਦਿਤਾ ਜਾਵੇ ਕਿਉਂਕਿ ਸਾਡੀ ਪੁੱਛਗਿੱਛ ਜਾਰੀ ਹੈ।

ਉਸ ਨੇ ਕਿਹਾ, ‘ਜੋ ਕੁੱਝ ਵਾਪਰਿਆ, ਉਸ ਨਾਲ ਭਾਈਚਾਰਾ ਹੈਰਾਨ ਹੈ ਅਤੇ ਅਸੀਂ ਖੇਤਰ ਵਿਚ ਪੁਲਿਸ ਮੌਜੂਦਗੀ ਨੂੰ ਜਾਰੀ ਰਖਾਂਗੇ ਅਤੇ ਆਉਣ ਵਾਲੇ ਦਿਨਾਂ ਵਿਚ ਅਪਣਾ ਸਮਰਥਨ ਪ੍ਰਦਾਨ ਕਰਾਂਗੇ।’ ਜ਼ਿਕਰਯੋਗ ਹੈ ਕਿ ਜਸਕੀਰਤ ਕੌਰ ਨੂੰ ਸੋਮਵਾਰ ਨੂੰ ਉਸ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿਥੇ ਉਸ ਦੀ ਧੀ ਦੀ ਲਾਸ਼ ਮਿਲੀ ਸੀ। ਰੌਬਿਨ ਕਲੋਜ਼ ਦੀ ਜਾਇਦਾਦ ਦੀ ਘੇਰਾਬੰਦੀ ਕੀਤੀ ਗਈ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਮੇਂ ਸਿਰ ਪੋਸਟ ਮਾਰਟਮ ਕੀਤਾ ਜਾਵੇਗਾ। ਪੁਲਿਸ ਨੇ ਉਸ ਸਮੇਂ ਕਿਹਾ, ‘ਇਸ ਪੜਾਅ ’ਤੇ ਅਸੀਂ ਜਾਂਚ ਦੇ ਹਿੱਸੇ ਵਜੋਂ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ ਹਾਂ।’