- Updated: December 14, 2022 09:13 PM
ਸਿੰਗਾਪੁਰ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਉਸਾਰੀ ਵਾਲੀ ਥਾਂ ‘ਤੇ 'ਲਾਰੀ ਕਰੇਨ' ਤੋਂ ਸਟੀਲ ਦੀਆਂ ਛੜਾਂ ਨੂੰ ਉਤਾਰਦੇ ਸਮੇਂ ਵਾਪਰੇ ਹਾਦਸੇ ਵਿੱਚ ਇੱਕ 32 ਸਾਲਾ ਭਾਰਤੀ ਮਜ਼ਦੂਰ ਦੀ ਮੌਤ ਹੋ ਗਈ। ਮਨੁੱਖੀ ਸੰਸਾਧਨ ਮੰਤਰਾਲੇ (ਐਮਓਐਮ) ਨੇ ਕਿਹਾ ਕਿ ਇਹ ਘਟਨਾ ਮੰਗਲਵਾਰ ਨੂੰ ਪੱਛਮੀ ਸੂਬੇ ਦੇ ਟੇਂਗਾਹ ਗਾਰਡਨ ਐਵੇਨਿਊ 'ਤੇ ਇਕ ਉਸਾਰੀ ਵਾਲੀ ਥਾਂ 'ਤੇ ਵਾਪਰੀ, ਜਦੋਂ ਭਾਰਤੀ ਕਰਮਚਾਰੀ ਆਪਣੇ ਸਹਿ-ਕਰਮਚਾਰੀਆਂ ਨਾਲ ਕ੍ਰੇਨ ਤੋਂ ਸਟੀਲ ਦੀਆਂ ਛੜਾਂ ਨੂੰ ਉਤਾਰ ਰਿਹਾ ਸੀ।
ਬਿਆਨ ਵਿਚ ਦੱਸਿਆ ਗਿਆ ਕਿ ਕਰੇਨ ਦਾ ਉਪਰਲਾ ਹਿੱਸਾ ਡਿੱਗ ਗਿਆ ਅਤੇ ਇਸ ਦੇ ਹੇਠਾਂ ਦੱਬੇ ਜਾਣ ਕਾਰਨ ਕਰਮਚਾਰੀ ਦੀ ਮੌਤ ਹੋ ਗਈ। ਮੰਤਰਾਲੇ ਦੇ ਬਿਆਨ ਵਿੱਚ ਮ੍ਰਿਤਕ ਦੀ ਪਛਾਣ ਨਹੀਂ ਦੱਸੀ ਗਈ ਹੈ। ਪੁਲਸ ਨੇ ਦੱਸਿਆ ਕਿ ਇੱਕ 45 ਸਾਲਾ ਵਿਅਕਤੀ ਨੂੰ ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਕੁਝ ਦਿਨ ਪਹਿਲਾਂ ਇਕ ਹੋਰ ਉਸਾਰੀ ਵਾਲੀ ਥਾਂ 'ਤੇ ਹਾਦਸੇ ਵਿਚ ਇਕ ਭਾਰਤੀ ਮਜ਼ਦੂਰ ਦੀ ਮੌਤ ਹੋ ਗਈ ਸੀ।