ਇੰਫਲੂਐਂਸਰ ਜੇਮਸ ਦਹੀਆ ਦੀ LPU ਮਾਮਲੇ ''ਚ ਵੀਡੀਓ ਆਈ ਸਾਹਮਣੇ, ਖੋਲ੍ਹੇ ਕਈ ਰਾਜ਼

ਇੰਫਲੂਐਂਸਰ ਜੇਮਸ ਦਹੀਆ ਦੀ LPU ਮਾਮਲੇ ''ਚ ਵੀਡੀਓ ਆਈ ਸਾਹਮਣੇ, ਖੋਲ੍ਹੇ ਕਈ ਰਾਜ਼

ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹੋਈ ਹਿੰਸਾ, ਭੰਨਤੋੜ ਅਤੇ ਅਗਜ਼ਨੀ ਦੇ ਮਾਮਲੇ 'ਚ ਪੰਜਾਬ ਪੁਲਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਨੇ ਹਿੰਸਾ ਭੜਕਾਉਣ, ਅਫ਼ਵਾਹਾਂ ਫੈਲਾਉਣ ਅਤੇ ਸਰਕਾਰੀ ਗੱਡੀਆਂ ਨੂੰ ਆਗ ਲਗਾਉਣ ਦੇ ਦੋਸ਼ ਹੇਠ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਾਮਲੇ ਦੀ ਜਾਂਚ ਦੌਰਾਨ ਹਰਿਆਣਾ ਦੇ ਸੋਸ਼ਲ ਮੀਡੀਆ ਇੰਫਲੂਐਂਸਰ ਜੇਮਜ਼ ਦਹੀਆ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਉਹ ਹਿੰਸਾ ਦੌਰਾਨ ਸਿਗਰਟ ਪੀਂਦਾ ਅਤੇ ਧੂੰਆਂ ਉਡਾਉਂਦਾ ਨਜ਼ਰ ਆ ਰਿਹਾ ਸੀ। ਇਸੇ ਵੀਡੀਓ ਦੇ ਆਧਾਰ 'ਤੇ ਪੁਲਸ ਨੇ ਉਸ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਤੋਂ ਬਾਅਦ ਉਸ ਨੇ ਜੋਸ਼ 'ਚ ਆ ਕੇ ਪੁਲਸ ਦੀ ਗੱਡੀ ਪਲਟ ਦਿੱਤੀ ਸੀ।

                                 Image

ਪੁਲਸ ਜਾਂਚ 'ਚ ਖ਼ੁਲਾਸਾ ਹੋਇਆ ਹੈ ਕਿ ਸੋਸ਼ਲ ਮੀਡੀਆ 'ਤੇ ਮਾਹੌਲ ਖ਼ਰਾਬ ਕਰਨ ਅਤੇ ਪੁਲਸ ਦੀਆਂ ਗੱਡੀਆਂ ਨੂੰ ਅੱਗ ਲਾਉਣ ਪਿੱਛੇ ਇੰਫਲੂਐਂਸਰ ਮੁਹੰਮਦ ਫਰਹਤ ਦੇਵ ਅਤੇ ਜੇਮਜ਼ ਦਹੀਆ ਦਾ ਮੁੱਖ ਹੱਥ ਸੀ। ਪੁਲਸ ਦੀ ਟੀਮ ਫਰਹਤ ਨੂੰ ਗ੍ਰਿਫ਼ਤਾਰ ਕਰਨ ਲਈ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਪਹੁੰਚੀ ਹੈ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ (ਸਾਹਿਲ ਅਤੇ ਅੰਤਰਿਕਸ਼) ਨੇ ਖ਼ੁਲਾਸਾ ਕੀਤਾ ਕਿ ਉਹ ਫਰਹਤ ਦੇ ਨਾਲ ਹਿੰਸਾ ਵਿੱਚ ਸ਼ਾਮਲ ਹੋਏ ਸਨ।

ਪੁਲਸ ਨੇ ਮੁੰਬਈ ਤੋਂ ਦੋ ਵਿਦਿਆਰਥੀਆਂ, ਕ੍ਰਿਸ਼ਨ ਕੁਮਾਰ ਅਤੇ ਭਵਿੱਖ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ ਫਲਾਈਟ ਰਾਹੀਂ ਜਲੰਧਰ ਲਿਆਂਦਾ ਜਾ ਰਿਹਾ ਹੈ ਅਤੇ ਫਗਵਾੜਾ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਸ ਮੁਤਾਬਕ ਇਨ੍ਹਾਂ 'ਤੇ ਹਿੰਸਾ ਦੌਰਾਨ ਸੜਦੀਆਂ ਗੱਡੀਆਂ ਦੀਆਂ ਵੀਡੀਓਜ਼ ਸ਼ੇਅਰ ਕਰਨ ਅਤੇ ਭੜਕਾਊ ਸਮੱਗਰੀ ਪੋਸਟ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ ਫਗਵਾੜਾ ਦੇ 2 ਪਿੱਜ਼ਾ ਡਿਲਿਵਰੀ ਬੁਆਏਜ਼ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।

26 ਸਤੰਬਰ 2026 ਦੀ ਰਾਤ ਸੋਸ਼ਲ ਮੀਡੀਆ 'ਤੇ ਇਹ ਝੂਠੀ ਖ਼ਬਰ ਫੈਲਾਈ ਗਈ ਸੀ ਕਿ ਯੂਨੀਵਰਸਿਟੀ ਹੋਸਟਲ 'ਚ ਇਕ ਵਿਦਿਆਰਥਣ ਨਾਲ ਜਬਰ-ਜ਼ਿਨਾਹ ਹੋਇਆ ਹੈ ਅਤੇ ਵਿਦਿਆਰਥਣ ਨੇ ਖ਼ੁਦਕੁਸ਼ੀ ਕਰ ਲਈ। ਪ੍ਰਦਰਸ਼ਨਕਾਰੀਆਂ ਨੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ-44 ਨੂੰ 18 ਘੰਟਿਆਂ ਤੋਂ ਵੱਧ ਸਮੇਂ ਲਈ ਜਾਮ ਰੱਖਿਆ ਅਤੇ ਯੂਨੀਵਰਸਿਟੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ। ਪੰਜਾਬ ਪੁਲਸ ਨੇ ਇਸ ਮਾਮਲੇ 'ਚ ਕੁੱਲ੍ਹ 4 ਐੱਫ਼. ਆਈ. ਆਰ. ਦਰਜ ਕੀਤੀਆਂ ਹਨ ਅਤੇ 8 ਮੈਂਬਰੀ SIT ਦਾ ਗਠਨ ਕੀਤਾ ਹੋਇਆ ਹੈ। ਸੋਸ਼ਲ ਮੀਡੀਆ 'ਤੇ ਭੜਕਾਊ ਅਤੇ ਫਰਜ਼ੀ ਏ. ਆਈ. ਵੀਡੀਓਜ਼ ਫੈਲਾਉਣ ਵਾਲੀਆਂ ਲਗਭਗ 300 ਪੋਸਟਾਂ ਨੂੰ ਸਾਈਬਰ ਕ੍ਰਾਈਮ ਟੀਮ ਵੱਲੋਂ ਹਟਾਇਆ ਗਿਆ ਹੈ। ਯੂਨੀਵਰਸਿਟੀ ਨੇ 10 ਦਿਨਾਂ ਲਈ ਕਲਾਸਾਂ ਮੁਅੱਤਲ ਕਰ ਦਿੱਤੀਆਂ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਮਾਮਲੇ ਦਾ ਨੋਟਿਸ ਲੈਂਦਿਆਂ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ।