- Updated: June 17, 2026 01:28 PM
ਚੰਡੀਗੜ੍ਹ 'ਚ ਆਪਰੇਸ਼ਨ ਸੈੱਲ ਦੀ ਟੀਮ ਨੇ ਅੰਤਰਰਾਜੀ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ 3 ਅਜਿਹੇ ਸ਼ਾਤਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 3 ਦੇਸੀ ਕੱਟੇ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਫੜ੍ਹੇ ਗਏ ਦੋਸ਼ੀਆਂ ਦੀ ਪਛਾਣ ਮੌਲੀਜਾਗਰਾਂ ਵਾਸੀ ਅਭਿਆਸ (23), ਡੱਡੂਮਾਜਰਾ ਵਾਸੀ ਵਿਕਾਸ ਉਰਫ਼ ਭੱਟੀ (20) ਅਤੇ ਮਨੀਮਾਜਰਾ ਵਾਸੀ ਤਿਆਬ ਉਰਫ਼ ਚੇਤਨ (20) ਵਜੋਂ ਹੋਈ ਹੈ।
ਆਪਰੇਸ਼ਨ ਸੈੱਲ ਮੁਤਾਬਕ ਸਭ ਤੋਂ ਪਹਿਲਾਂ 8 ਜੂਨ ਨੂੰ ਪੁਲਸ ਟੀਮ ਨੇ ਫੇਜ਼-2 ਨੇੜੇ ਅਭਿਆਸ ਨੂੰ ਇਕ ਦੇਸੀ ਕੱਟੇ ਅਤੇ 2 ਜ਼ਿੰਦਾ ਕਾਰਤੂਸਾਂ ਸਣੇ ਗ੍ਰਿਫ਼ਤਾਰ ਕੀਤਾ ਅਤੇ ਅਦਾਲਤ 'ਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਗਿਆ। ਰਿਮਾਂਡ ਦੌਰਾਨ ਹੋਈ ਪੁੱਛਗਿੱਛ ਤੋਂ ਬਾਅਦ 10 ਜੂਨ ਨੂੰ ਆਪਰੇਸ਼ਨ ਸੈੱਲ ਦੀ ਟੀਮ ਨੇ ਸੈਕਟਰ-43 ਸਥਿਤ ਸੀ. ਟੀ. ਯੂ. ਵਰਕਸ਼ਾਪ ਦੀ ਪਿਛਲੀ ਸਾਈਡ ਡੱਡੂਮਾਜਰਾ ਵਾਸੀ ਵਿਕਾਸ ਨੂੰ ਕਾਬੂ ਕੀਤਾ।
ਉਸ ਕੋਲੋਂ ਵੀ ਇਕ ਦੇਸੀ ਕੱਟਾ ਬਰਾਮਦ ਹੋਇਆ। ਅਭਿਆਸ ਦੀ ਨਿਸ਼ਾਨਦੇਹੀ 'ਤੇ ਫਿਰ ਆਪਰੇਸ਼ਨ ਸੈੱਲ ਨੇ 15 ਜੂਨ ਨੂੰ ਤਿਆਬ ਉਰਫ਼ ਚੇਤਨ ਨੂੰ ਕਿਸ਼ਨਗੜ੍ਹ ਚੌਂਕੀ ਨੇੜਿਓਂ ਸਲਿੱਪ ਰੋਡ ਤੋਂ ਇਕ ਦੇਸੀ ਕੱਟੇ ਸਣੇ ਗ੍ਰਿਫ਼ਤਾਰ ਕੀਤਾ। ਦੋਸ਼ੀਆਂ 'ਤੋਂ ਇਕੱਲੇ ਅਭਿਆਸ ਖ਼ਿਲਾਫ਼ 19 ਅਪਰਾਧਿਕ ਕੇਸ ਦਰਜ ਹਨ।