- Updated: April 08, 2026 11:46 AM
ਅਮਰੀਕਾ ਅਤੇ ਈਰਾਨ ਵਿਚਾਲੇ ਦੋ ਹਫ਼ਤਿਆਂ ਦੀ ਜੰਗਬੰਦੀ 'ਤੇ ਸਹਿਮਤੀ ਬਣਨ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਸ਼ਾਂਤੀ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਜੰਗਬੰਦੀ ਦੇ ਕੁਝ ਘੰਟਿਆਂ ਬਾਅਦ ਹੀ ਈਰਾਨ ਨੇ ਖਾੜੀ ਅਰਬ ਦੇਸ਼ਾਂ ਅਤੇ ਇਜ਼ਰਾਈਲ 'ਤੇ ਮਿਜ਼ਾਈਲਾਂ ਦਾਗੀਆਂ ਹਨ। ਇਸ ਦੇ ਨਾਲ ਹੀ ਬੁੱਧਵਾਰ ਸਵੇਰੇ ਬਹਿਰੀਨ ਵਿੱਚ ਮਿਜ਼ਾਈਲ ਅਲਰਟ ਦੇ ਸਾਇਰਨ ਗੂੰਜਣ ਨਾਲ ਦਹਿਸ਼ਤ ਫੈਲ ਗਈ।
ਬਹਿਰੀਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਦੇਸ਼ ਵਿੱਚ ਮਿਜ਼ਾਈਲ ਹਮਲੇ ਦੇ ਖ਼ਤਰੇ ਨੂੰ ਦੇਖਦਿਆਂ ਚੇਤਾਵਨੀ ਸਾਇਰਨ ਵਜਾਏ ਗਏ । ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਦੁਨੀਆ ਭਰ ਵਿੱਚ ਜੰਗਬੰਦੀ ਕਾਰਨ ਤਣਾਅ ਘੱਟ ਹੋਣ ਦੀ ਉਮੀਦ ਜਤਾਈ ਜਾ ਰਹੀ ਸੀ।
ਈਰਾਨ ਵੱਲੋਂ ਇਜ਼ਰਾਈਲ ਤੇ ਖਾੜੀ ਦੇਸ਼ਾਂ 'ਤੇ ਹਮਲਾ
ਸਰੋਤਾਂ ਅਨੁਸਾਰ ਜੰਗਬੰਦੀ ਦੇ ਸਮਝੌਤੇ ਦੇ ਐਲਾਨ ਦੇ ਬਾਵਜੂਦ ਈਰਾਨ ਨੇ ਖਾੜੀ ਅਰਬ ਦੇਸ਼ਾਂ ਅਤੇ ਇਜ਼ਰਾਈਲ 'ਤੇ ਮਿਜ਼ਾਈਲਾਂ ਦਾਗੀਆਂ ਹਨ। ਇਨ੍ਹਾਂ ਹਮਲਿਆਂ ਨੇ ਇਸ ਗੱਲ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਕਿ ਕੀ ਈਰਾਨ ਸੱਚਮੁੱਚ ਜੰਗਬੰਦੀ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਲਈ ਤਿਆਰ ਹੈ। ਹਾਲਾਂਕਿ ਰਾਸ਼ਟਰਪਤੀ ਟਰੰਪ ਅਤੇ ਈਰਾਨੀ ਲੀਡਰਸ਼ਿਪ ਵਿਚਾਲੇ ਦੋ ਹਫ਼ਤਿਆਂ ਲਈ ਹਮਲੇ ਰੋਕਣ ਦੀ ਗੱਲ ਕਹੀ ਗਈ ਸੀ, ਪਰ ਤਾਜ਼ਾ ਹਮਲਿਆਂ ਨੇ ਸਥਿਤੀ ਨੂੰ ਮੁੜ ਨਾਜ਼ੁਕ ਬਣਾ ਦਿੱਤਾ ਹੈ। ਇਸ ਸਮੇਂ ਇਹ ਬਿਲਕੁਲ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਲੜਾਈ ਅਸਲ ਵਿੱਚ ਕਦੋਂ ਰੁਕੇਗੀ।