- Updated: July 10, 2026 02:39 PM
ਈਰਾਨ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਹੋਰਮੁਜ਼ ਸਟ੍ਰੇਟ ਵਿਚ ਦਖਲ ਦਿੱਤਾ ਤਾਂ ਕਰਾਰਾ ਜਵਾਬ ਦਿੱਤਾ ਜਾਵੇਗਾ। ਈਰਾਨੀ ਨਿਊਜ਼ IRNA ਮੁਤਾਬਕ IRGC ਨੇ ਕਿਹਾ ਕਿ ਅਮਰੀਕਾ ਨੇ ਹਮਲਾ ਜਾਰੀ ਰੱਖਿਆ ਤਾਂ ਹੋਰਮੁਜ਼ ਸਾਧਾਰਨ ਨਹੀਂ ਹੋ ਸਕੇਗਾ ਤੇ ਕਈ ਦੇਸ਼ਾਂ ਨੂੰ ਆਰਥਿਕ ਨੁਕਸਾਨ ਹੋਵੇਗਾ।
ਦੂਜੇ ਪਾਸੇ ਈਰਾਨ ਦੀ ਨਿਊਜ਼ ਏਜੰਸੀ ਨੇ ਦੱਸਿਆ ਕਿ ਅਮਰੀਕਾ ਨੇ ਉੱਤਰੀ ਈਰਾਨ ਵਿਚ ਚੀਨ ਤੇ ਰੂਸ ਨਾਲ ਜੁੜੇ ਇਕ ਰਣਨੀਤਕ ਰੇਲਵੇ ਪੁਲ ‘ਤੇ ਕਰੂਜ਼ ਮਿਜ਼ਾਈਲ ਨਾਲ ਹਮਲਾ ਕੀਤਾ। ਅਮਰੀਕਾ ਨੇ ਪਿਛਲੇ 2 ਦਿਨਾਂ ਵਿਚ ਈਰਾਨ ਦੇ 170 ਤੋਂ ਵਧ ਫੌਜੀ ਟਿਕਾਣਿਆਂ ‘ਤੇ ਮਿਜ਼ਲਾਈਨ ਤੇ ਡ੍ਰੋਨ ਦਾਗੇ ਹਨ। ਅਮਰੀਕੀ ਸੈਂਟਰਲ ਕਮਾਂਡ ਮੁਤਾਬਕ ਹਮਲਿਆਂ ਵਿਚ ਏਅਰ ਡਿਫੈਂਸ ਸਿਸਟਮ, ਡ੍ਰੋਨ ਅਤੇ ਮਿਜ਼ਾਈਲ ਭੰਡਾਰ, ਫੌਜੀ ਸਪੀਡ ਬੋਟ ਤੇ ਹੋਰਮੁਜ਼ ਕੋਲ ਤੱਟੀ ਇਲਾਕਿਆਂ ਵਿਚ ਮੌਜੂਦ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਦੱਸ ਦੇਈਏ ਕਿ ਅਮਰੀਕੀ ਫੌਜ ਨੇ ਬੀਤੀ ਦੇਰ ਰਾਤ ਈਰਾਨ ਦੇ 80 ਤੋਂ ਵੱਧ ਫੌਜੀ ਟਿਕਾਣਿਆਂ ‘ਤੇ ਏਅਰਸਟ੍ਰਾਈਕ ਕੀਤੀ। ਅਮਰੀਕਾ ਨੇ ਦੱਸਿਆ ਕਿ ਇਹ ਈਰਾਨ ਦੇ ਹੋਰਮੁਜ਼ ਵਿਚ ਜਹਾਜ਼ਾਂ ‘ਤੇ ਹਮਲੇ ਦੇ ਜਵਾਬ ਵਿਚ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਨਾਟੋ ਸੰਮੇਲਨ ਦੌਰਾਨ ਕਿਹਾ ਕਿ ਈਰਾਨ ਨਾਲ ਹੋਈ ਜੰਗਬੰਦੀ ਖਤਮ ਹੋ ਚੁੱਕੀ ਹੈ ਤੇ ਹੁਣ ਉਹ ਈਰਾਨ ਨਾਲ ਕੋਈ ਡੀਲ ਨਹੀਂ ਕਰਨਾ ਚਾਹੁੰਦੇ। ਦੂਜੇ ਪਾਸੇ ਈਰਾਨ ਨੇ ਦਾਅਵਾ ਕੀਤਾ ਕਿ ਉਸ ਨੇ ਬਹਿਰੀਨ ਤੇ ਕੁਵੈਤ ਵਿਚ 85 ਅਮਰੀਕੀ ਫੌਜੀ ਟਿਕਾਣਿਆਂ ਨੂੰ ਮਿਜ਼ਾਈਲ ਤੇ ਡ੍ਰੋਨ ਨਾਲ ਨਿਸ਼ਾਨਾ ਬਣਾਇਆ।