ਜਲੰਧਰ ਨਿਗਮ ਹਾਊਸ ਵਿੱਚ ਹੰਗਾਮਾ, ਸਿਰਫ਼ ਢਾਈ ਮਿੰਟਾਂ ਵਿੱਚ 569 ਕਰੋੜ ਦਾ ਬਜਟ ਪਾਸ।

ਜਲੰਧਰ ਨਿਗਮ ਹਾਊਸ ਵਿੱਚ ਹੰਗਾਮਾ, ਸਿਰਫ਼ ਢਾਈ ਮਿੰਟਾਂ ਵਿੱਚ 569 ਕਰੋੜ ਦਾ ਬਜਟ ਪਾਸ।

ਜਲੰਧਰ 'ਚ ਨਗਰ ਨਿਗਮ ਦੀ ਹਾਊਸ ਮੀਟਿੰਗ ਦੌਰਾਨ ਵਿੱਤੀ ਵਰ੍ਹਾ 2026-27 ਲਈ 569.40 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਜਾਣਕਾਰੀ ਮੁਤਾਬਕ ਇਹ ਬਜਟ ਢਾਈ ਮਿੰਟ 'ਚ ਪੇਸ਼ ਕੀਤਾ ਗਿਆ। ਬਜਟ ਪੇਸ਼ ਹੁੰਦੇ ਹੀ ਵਿਰੋਧੀ ਧਿਰਾਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਜ਼ੀਰੋ ਆਵਰ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਨਾਰੇਬਾਜ਼ੀ ਕੀਤੀ। ਮੇਅਰ ਵਿਨੀਤ ਧੀਰ ਨੇ ਕਿਹਾ ਕਿ ਨਗਰ ਨਿਗਮ ਦੀ ਆਮਦਨ ਵਿੱਚ ਸੁਧਾਰ ਹੋਇਆ ਹੈ, ਜਿਸ ਕਾਰਨ ਇਸ ਵਾਰ ਬਜਟ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਖਰਚਾਂ ਨੂੰ ਸੰਤੁਲਿਤ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ।  ਮੀਟਿੰਗ ਦੌਰਾਨ ਜ਼ੀਰੋ ਆਵਰ ਦੀ ਕਾਰਵਾਈ ਵੀ ਸ਼ੁਰੂ ਕੀਤੀ ਗਈ, ਪਰ ਵਿਰੋਧੀ ਧਿਰ ਦਾ ਪ੍ਰਦਰਸ਼ਨ ਜਾਰੀ ਰਿਹਾ। ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਅਤੇ ਜਨਤਾ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਦਾ ਮੌਕਾ ਨਹੀਂ ਦਿੱਤਾ ਗਿਆ। ਇਸ ਕਾਰਨ ਹਾਊਸ ਵਿੱਚ ਮਾਹੌਲ ਹੋਰ ਗਰਮਾ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ 'ਤੇ ਹੋਰ ਟਕਰਾਅ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਵਿਰੋਧੀ ਧਿਰ ਦਾ ਕਹਿਣਾ ਸੀ ਕਿ ਬਜਟ ਪੇਸ਼ ਕਰਨ ਤੋਂ ਪਹਿਲਾਂ ਜ਼ੀਰੋ ਆਵਰ ਵਿੱਚ ਜਨਹਿਤ ਦੇ ਮੁੱਦਿਆਂ 'ਤੇ ਚਰਚਾ ਹੋਣੀ ਚਾਹੀਦੀ ਸੀ, ਪਰ ਉਨ੍ਹਾਂ ਦੀ ਮੰਗ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸਿੱਧਾ ਬਜਟ ਪੇਸ਼ ਕਰ ਦਿੱਤਾ ਗਿਆ। ਇਸ ਗੱਲ ਨੂੰ ਲੈ ਕੇ ਹਾਊਸ ਵਿੱਚ ਤਣਾਅ ਵਧ ਗਿਆ ਅਤੇ ਦੋਵੇਂ ਧਿਰਾਂ ਦੇ ਕੌਂਸਲਰਾਂ ਨੇ ਵਿਰੋਧ ਕੀਤਾ। ਹੰਗਾਮੇ ਅਤੇ ਨਾਰੇਬਾਜ਼ੀ ਦੇ ਦਰਮਿਆਨ ਨਗਰ ਨਿਗਮ ਪ੍ਰਸ਼ਾਸਨ ਨੇ ਤੇਜ਼ੀ ਦਿਖਾਉਂਦਿਆਂ ਕੇਵਲ ਢਾਈ ਮਿੰਟ ਵਿੱਚ ਹੀ ਬਜਟ ਪਾਸ ਕਰ ਦਿੱਤਾ। ਇਸ ਪ੍ਰਕਿਰਿਆ ਨੂੰ ਲੈ ਕੇ ਵਿਰੋਧੀ ਧਿਰ ਨੇ ਕੜੀ ਆਪਤੀ ਜਤਾਈ ਅਤੇ ਇਸ ਨੂੰ ਲੋਕਤੰਤਰਕ ਪਰੰਪਰਾਵਾਂ ਦੇ ਖ਼ਿਲਾਫ਼ ਕਰਾਰ ਦਿੱਤਾ।

ਮੇਅਰ ਵਿਨੀਤ ਧੀਰ ਵੱਲੋਂ ਪੇਸ਼ ਕੀਤੇ ਇਸ ਬਜਟ ਦਾ ਕੁੱਲ ਆਕਾਰ 569.40 ਕਰੋੜ ਰੁਪਏ ਹੈ, ਜਿਸ ਵਿੱਚ ਸ਼ਹਿਰ ਦੇ ਬੁਨਿਆਦੀ ਢਾਂਚੇ ਅਤੇ ਵਿਕਾਸ ਕਾਰਜਾਂ 'ਤੇ ਖਾਸ ਧਿਆਨ ਦਿੱਤਾ ਗਿਆ ਹੈ। ਵਿਕਾਸ ਲਈ ਲਗਭਗ 200 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ, ਜਿਨ੍ਹਾਂ ਨਾਲ ਸੜਕਾਂ, ਸੀਵਰੇਜ, ਪਾਣੀ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਦੀ ਯੋਜਨਾ ਹੈ। ਇਸ ਤੋਂ ਇਲਾਵਾ 312.70 ਕਰੋੜ ਰੁਪਏ ਵੱਖ-ਵੱਖ ਵਿਭਾਗਾਂ ਦੇ ਚਲਾਉਣ ਅਤੇ ਪ੍ਰਸ਼ਾਸਕੀ ਕੰਮਾਂ ਲਈ ਰੱਖੇ ਗਏ ਹਨ, ਜਦਕਿ 55.56 ਕਰੋੜ ਰੁਪਏ ਹੋਰ ਖਰਚਾਂ ਲਈ ਨਿਰਧਾਰਤ ਕੀਤੇ ਗਏ ਹਨ।