ਜਥੇਦਾਰ ਅਕਾਲ ਤਖ਼ਤ ਸਾਹਿਬ ਆਏ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਹੱਕ ’ਚ

ਜਥੇਦਾਰ ਅਕਾਲ ਤਖ਼ਤ ਸਾਹਿਬ ਆਏ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਹੱਕ ’ਚ

ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਰਹੇ ਸੰਸਦ ਮੈਂਬਰ ਬ੍ਰਿਜਭੂਸ਼ਣ ਸਿੰਘ ਖ਼ਿਲਾਫ਼ ਸਰੀਰਕ ਸ਼ੋਸ਼ਣ ਦੇ ਕਥਿਤ ਦੋਸ਼ਾਂ ਤਹਿਤ ਪਿਛਲੇ ਕਰੀਬ 4 ਹਫ਼ਤਿਆਂ ਤੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਸੰਘਰਸ਼ ਕਰ ਰਹੇ ਪਹਿਲਵਾਨਾਂ ਲਈ ਸਿੱਖ ਸਮਾਜ ਤੋਂ ਸਮਰਥਨ ਦੀ ਮੰਗ ਤਹਿਤ ਬੀਤੇ ਦਿਨ ਉਲੰਪਿਕ ’ਚ ਕੁਸ਼ਤੀ ਦੀ ਪਹਿਲੀ ਤਮਗਾ ਜੇਤੂ ਭਾਰਤੀ ਪਹਿਲਵਾਨ, ਪਦਮ ਸ਼੍ਰੀ ਸਾਕਸ਼ੀ ਮਲਿਕ ਨੇ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਦਿਆਂ ਸੰਘਰਸ਼ ਲਈ ਸਹਿਯੋਗ ਮੰਗਿਆ।

ਆਪਣੇ ਪਤੀ ਸੱਤਿਆਵਰਤ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜੀ ਕੌਮਾਂਤਰੀ ਪਹਿਲਵਾਨ ਸਾਕਸ਼ੀ ਮਲਿਕ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੰਘਰਸ਼ ਦੇ ਕਾਰਨਾਂ ਅਤੇ ਸਮੁੱਚੇ ਪਹਿਲਵਾਨਾਂ ਦੀਆਂ ਮੰਗਾਂ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ। ਉਨ੍ਹਾਂ ਨੇ ਸਿੰਘ ਸਾਹਿਬ ਨੂੰ ਕਿਹਾ ਕਿ ਉਹ ਸਿੱਖ ਕੌਮ ਦੇ ਨਾਂ ਇਕ ਅਪੀਲ ਜਾਰੀ ਕਰਨ ਤਾਂ ਕਿ ਸਮੁੱਚਾ ਸਿੱਖ ਜਗਤ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ’ਚ ਆਵੇ।

ਮੁਲਾਕਾਤ ਉਪਰੰਤ ਸਿੰਘ ਸਾਹਿਬ ਨੇ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਕਿਉਂਕਿ ਹੁਣ ਸੰਘਰਸ਼ ਦੇਸ਼ ਦੀਆਂ ਧੀਆਂ ਦਾ ਬਣ ਚੁੱਕਾ ਹੈ, ਇਸ ਲਈ ਸਮੁੱਚੀ ਸਿੱਖ ਸੰਗਤ ਸੰਘਰਸ਼ਸ਼ੀਲ ਪਹਿਲਵਾਨਾਂ ਦੀ ਹਰ ਪੱਖੋਂ ਬਣਦੀ ਮਦਦ ਕਰੇ। ਮੁਲਾਕਾਤ ਉਪਰੰਤ ਸਾਕਸ਼ੀ ਮਲਿਕ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਮੋਰਚੇ ਦੀ ਜਿੱਤ ਲਈ ਅਰਦਾਸ ਕੀਤੀ। ਤਖ਼ਤ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤੇ।