ਸਾਬਕਾ CM ਚੰਨੀ ਨੇ CM ਮਾਨ ਦੇ ਅਲਟੀਮੇਟਮ ‘ਤੇ ਆਖੀ ਇਹ ਗੱਲ

ਸਾਬਕਾ CM ਚੰਨੀ ਨੇ CM ਮਾਨ ਦੇ ਅਲਟੀਮੇਟਮ ‘ਤੇ ਆਖੀ ਇਹ ਗੱਲ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ 'ਚ 31 ਮਈ 2 ਵਜੇ ਤੱਕ ਦੇ ਦਿੱਤੇ ਅਲਟੀਮੇਟਮ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬਿਆਨ ਸਾਹਮਣੇ ਆਇਆ ਹੈ। ਸਾਬਕਾ ਮੁੱਖ ਮੰਤਰੀ ਚੰਨੀ ਨੇ ਮੋਰਿੰਡਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਅੱਜ ਇਕ ਟਵੀਟ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੇ ਮੈਨੂੰ 31 ਮਈ ਤੱਕ ਦਾ ਸਮਾਂ ਦਿੱਤਾ ਹੈ। ਜਿਸ 'ਤੇ ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਤਾਰੀਖ਼ ਕਿਉਂ ਦੇ ਰਹੇ ਹਨ? ਜੇਕਰ ਉਨ੍ਹਾਂ ਕੋਲ ਕੋਈ ਦਰਖ਼ਾਸਤ ਆਈ ਹੈ ਤਾਂ ਉਸ 'ਤੇ ਬਣਦੀ ਕਾਰਵਾਈ ਕਰਕੇ ਪਰਚਾ ਦਰਜ ਕਰੋ। ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਮੈਂ ਆਪਣਾ ਪੱਖ ਗੁਰੂ ਘਰ 'ਚ ਪੇਸ਼ ਕਰ ਚੁੱਕਾ ਹਾਂ ਤੇ ਮੈਂ ਸ਼ਹੀਦਾਂ ਦੀ ਉਸ ਧਰਤੀ 'ਤੇ ਝੂਠੀ ਸਹੁੰ ਨਹੀਂ ਖਾ ਸਕਦਾ। ਜੇਕਰ ਕੋਈ ਵਿਅਕਤੀ ਉੱਥੇ ਝੂਠੀ ਖਾਂਦਾ ਵੀ ਹੈ ਤਾਂ ਉਸਦਾ ਸਭ ਕੁਝ ਖ਼ਤਮ ਹੋ ਜਾਂਦਾ ਹਾਂ। ਚੰਨੀ ਨੇ ਆਖਿਆ ਕਿ ਮੈਂ ਉਸ ਧਰਤੀ ਦਾ ਉਪਾਸ਼ਕ ਹਾਂ, ਉੱਥੇ ਸੀਸ ਝੁਕਾਉਂਦਾ ਹਾਂ ਤੇ ਮੈਨੂੰ ਉੱਥੋਂ ਹੀ ਸਭ ਕੁਝ ਮਿਲਿਆ ਹੈ ਤੇ ਮੈਂ ਉਸ ਧਰਤੀ 'ਤੇ ਵਾਹਿਗੁਰੂ ਨੂੰ ਅਰਦਾਸ ਕੀਤੀ ਹੈ ਕਿ ਜੇਕਰ ਮੈਂ ਗ਼ਲਤ ਹਾਂ ਤਾਂ ਮੈਨੂੰ ਚੁੱਕ ਲਿਓ।

ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਮੇਰੇ ਕੋਲ ਹਜ਼ਾਰਾਂ ਵਿਅਕਤੀਆਂ ਨੇ ਨੌਕਰੀਆਂ ਮੰਗੀਆਂ ਹੋਣਗੀਆਂ ਤੇ ਮੈਂ ਇਸ ਗੱਲ ਦੀ ਸਹੁੰ ਖਾਂਦਾ ਹਾਂ ਕਿ ਮੈਂ ਬਦਲੀ ਅਤੇ ਨੌਕਰੀ ਦੇਣ ਲਈ ਕਦੇ ਕਿਸੇ ਵਿਅਕਤੀ ਨੂੰ ਇਹ ਨਹੀਂ ਕਿਹਾ ਕਿ ਮੇਰੇ ਭਤੀਜੇ-ਭਾਣਜੇ ਨੂੰ ਮਿਲ ਕੇ ਪੈਸਿਆਂ ਦੀ ਗੱਲ ਕਰ ਲਿਓ ਤਾਂ ਫਿਰ ਤੁਹਾਨੂੰ ਨੌਕਰੀ ਮਿਲੇ ਜਾਵੇਗੀ। ਜੇਕਰ ਮੈਂ ਅਜਿਹਾ ਕਿਸੇ ਨੂੰ ਕਿਹਾ ਹੈ ਤਾਂ ਮੈਂ ਗੁਰੂਘਰ ਤੇ ਲੋਕਾਂ ਦਾ ਦੇਣਦਾਰ ਹਾਂ ਤੇ ਮੈਨੂੰ ਜਿਹੜੀ ਮਰਜ਼ੀ ਜੇਲ੍ਹ 'ਚ ਭੇਜਣਾ ਭੇਜ ਦਿਓ। ਸਾਬਕਾ ਚੰਨੀ ਨੇ ਮੁੱਖ ਮੰਤਰੀ ਮਾਨ ਨੂੰ ਕਿਹਾ ਕਿ ਜੇਕਰ ਤੁਹਾਡੇ ਕੋਲ ਕੋਈ ਸਬੂਤ ਹਨ ਤਾਂ ਇੰਨਵੈਸਟੀਗੇਸ਼ਨ ਏਜੰਸੀ ਨੂੰ ਦਿਓ ਤੇ ਜਿਸ ਕਿਸੇ ਨੇ ਪੈਸਿਆਂ ਦਾ ਲੈਣ-ਦੇਣ ਕੀਤਾ ਹੈ, ਉਸਦੇ ਮੁਤਾਬਕ ਪਰਚਾ ਦਰਜ ਕਰੋ। ਉਨ੍ਹਾਂ ਆਖਿਆ ਕਿ ਮੈਂ ਆਪਣੇ ਕਾਰਜਕਾਲ ਦੌਰਾਨ ਜਿਨ੍ਹਾਂ ਵਿਅਕਤੀਆਂ ਨੂੰ ਨੌਕਰੀਆਂ ਦਿੱਤੀਆਂ ਹਨ, ਉਨ੍ਹਾਂ ਨੂੰ ਜਾ ਕੇ ਪੁੱਛ ਲਿਓ ਕੇ ਮੈਂ ਉਨ੍ਹਾਂ ਕੋਲੋਂ ਕੋਈ ਪੈਸਾ ਲਿਆ ਹੈ ਜਾਂ ਨਹੀਂ। 

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰਿਸ਼ਵਤਖੋਰੀ ਦੇ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਵੀਟ ਰਾਹੀਂ ਅਲਟੀਮੇਟਮ ਦੇ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ ਮਾਣਯੋਗ ਚਰਨਜੀਤ ਚੰਨੀ ਜੀ ਆਦਰ ਸਹਿਤ ਤੁਹਾਨੂੰ 31 ਮਈ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ। ਨਹੀਂ ਫੇਰ 31 ਮਈ ਦੁਪਹਿਰ 2 ਵਜੇ ਮੈਂ ਫੋਟੋਆਂ, ਨਾਮ ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁੱਝ ਪੰਜਾਬੀਆਂ ਸਾਹਮਣੇ ਰੱਖਾਂਗਾ। ਇਸ ਲਈ ਸਾਬਕਾ ਮੁੱਖ ਮੰਤਰੀ ਚੰਨੀ ਨੇ ਮੁੱਖ ਮੰਤਰੀ ਮਾਨ ਨੂੰ ਇਹ ਗੱਲ ਬੋਲੀ ਹੈ।