- Updated: November 08, 2025 05:36 PM
ਪੰਜਾਬ ਦੇ ਇਕ ਹੋਰ ਚੋਟੀ ਦੇ ਕਬੱਡੀ ਖਿਡਾਰੀ ਬਿੱਟੂ ਬਲਿਆਲ ਦਾ ਅਚਾਨਕ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਬਿੱਟੂ ਬਲਿਆਲ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਬਲਿਆਲ ਦਾ ਰਹਿਣ ਵਾਲਾ ਸੀ। ਬਿੱਟੂ ਫਤਹਿਗੜ੍ਹ ਸਾਹਿਬ ਦੇ ਪਿੰਡ ਰੂਪਾਹੇੜੀ ਵਿਚ ਕਬੱਡੀ ਦਾ ਟੂਰਨਾਮੈਂਟ ਖੇਡਣ ਗਿਆ ਸੀ ਅਤੇ ਜਦੋਂ ਉਹ ਰੇਡ ਪਾ ਕੇ ਵਾਪਸ ਆਇਆ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਬਿੱਟੂ ਦੇ ਸਾਥੀਆਂ ਨੇ ਦੱਸਿਆ ਕਿ ਸਟੰਟ ਪੈਣ ਕਾਰਨ ਬਿੱਟੂ ਨੂੰ ਡਾਕਟਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਉਹ ਗੇਮ ਨਾ ਖੇਡੇ। ਪਰ ਘਰ ਵਿਚ ਕੋਈ ਕਮਾਈ ਦਾ ਸਾਧਨ ਨਾ ਹੋਣ ਕਾਰਨ ਮਜਬੂਰੀ ਵੱਸ ਬਿੱਟੂ ਬਲਿਆਲ ਨੂੰ ਗੇਮ ਖੇਡਣੀ ਪੈ ਰਹੀ ਸੀ, ਜਿਸ ਦੇ ਚੱਲਦੇ ਉਸ ਨੂੰ ਹਾਰਟ ਅਟੈਕ ਆ ਗਿਆ ਅਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਰਿਵਾਰ ਵਿਚ ਬਿੱਟੂ ਧਰਮ ਪਤਨੀ ਅਤੇ ਭੈਣ ਹੀ ਰਹਿ ਗਈ ਹੈ। ਇਸ ਤੋਂ ਪਹਿਲਾਂ ਬਿੱਟੂ ਦੇ ਮਾਤਾ-ਪਿਤਾ ਅਤੇ ਭਰਾ ਵੀ ਇਸ ਫਾਨੀ ਸੰਸਕਾਰ ਨੂੰ ਅਲਵਿਦਾ ਆਖ ਚੁੱਕੇ ਹਨ।
ਪਿੰਡ ਵਾਸੀਆਂ ਅਤੇ ਸਾਥੀ ਖਿਡਾਰੀਆਂ ਨੇ ਬਿੱਟੂ ਬਲਿਆਲ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਅੱਗੇ ਅਪੀਲ ਕੀਤੀ ਕਿ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਸਹਾਇਤ ਕਰਨ ਦੇ ਨਾਲ ਨਾਲ ਉਸ ਦੀ ਪਤਨੀ ਅਤੇ ਭੈਣ ਦੋਵਾਂ ਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ।