- Updated: May 06, 2026 03:23 PM
ਸੁਲਤਾਨਪੁਰ ਲੋਧੀ ਵਿਚ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਮਾਂ ਵੱਲੋਂ ਆਪਣੇ ਨਿੱਕੇ-ਨਿੱਕੇ ਮਾਸੂਮ ਬੱਚਿਆਂ ਸਮੇਤ ਵੇਈਂ ਨਦੀ 'ਚ ਛਾਲ ਮਾਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸਿਮਰਨ ਕੌਰ ਪਤਨੀ ਭਰਪੂਰ ਸਿੰਘ ਵਾਸੀ ਪਿੰਡ ਅਦਾਲਤ ਚੱਕ ਨੇ ਕਿਸੇ ਅਣਜਾਣੇ ਦਰਦ ਅਤੇ ਮਾਨਸਿਕ ਤਣਾਅ ਹੇਠ ਆ ਕੇ ਇਹ ਖ਼ੌਫ਼ਨਾਕ ਕਦਮ ਚੁੱਕਿਆ ਹੈ। ਉਹ ਆਪਣੇ ਦੋ ਨਨ੍ਹੇ ਪੁੱਤਰ ਵੀਰ ਪ੍ਰਤਾਪ ਸਿੰਘ ਅਤੇ ਗੁਰਪ੍ਰਤਾਪ ਸਿੰਘ ਨੂੰ ਨਾਲ ਲੈ ਕੇ ਨਦੀ 'ਚ ਛਾਲ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬੱਚਿਆਂ ਵਿਚੋਂ ਇਕ ਬੱਚੇ ਨੂੰ ਉਹ ਸਕੂਲ ਤੋਂ ਲੈ ਕੇ ਆਈ ਸੀ।
ਉਥੋਂ ਲੰਘ ਰਹੇ ਰਾਹਗੀਰਾਂ ਨੇ ਜਦੋਂ ਇਹ ਦ੍ਰਿਸ਼ ਵੇਖਿਆ ਤਾਂ ਤੁਰੰਤ ਹਿੰਮਤ ਵਿਖਾਉਂਦੇ ਹੋਏ ਮਾਂ ਨੂੰ ਬਚਾ ਲਿਆ ਪਰ ਕਿਸਮਤ ਇੰਨੀ ਮਿਹਰਬਾਨ ਨਾ ਹੋ ਸਕੀ, ਦੋਹਾਂ ਮਾਸੂਮ ਬੱਚਿਆਂ ਦੀ ਜ਼ਿੰਦਗੀ ਪਾਣੀ ਦੀਆਂ ਲਹਿਰਾਂ ਵਿੱਚ ਹੀ ਖ਼ਤਮ ਹੋ ਗਈ। ਇਹ ਮੰਜ਼ਰ ਵੇਖ ਕੇ ਹਰ ਅੱਖ ਨਮੀ ਹੋ ਗਈ ਅਤੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਏ. ਐੱਸ. ਆਈ. ਬਲਦੇਵ ਸਿੰਘ ਥਾਣਾ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਫਿਲਹਾਲ ਪੁਲਸ ਵੱਲੋਂ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਘਟਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਰ ਪੱਖ ਤੋਂ ਮਾਮਲੇ ਨੂੰ ਖੰਗਾਲਿਆ ਜਾ ਰਿਹਾ ਹੈ।
ਇਹ ਹਾਦਸਾ ਨਾ ਸਿਰਫ਼ ਇਕ ਪਰਿਵਾਰ ਲਈ ਸਗੋਂ ਪੂਰੇ ਸਮਾਜ ਲਈ ਇਕ ਵੱਡਾ ਸਵਾਲ ਛੱਡ ਗਿਆ ਹੈ, ਆਖਿਰ ਉਹ ਕਿਹੜਾ ਦਰਦ ਸੀ, ਜਿਸ ਨੇ ਇਕ ਮਾਂ ਨੂੰ ਆਪਣੇ ਹੀ ਲਾਡਲਿਆਂ ਸਮੇਤ ਇਹ ਕਦਮ ਚੁੱਕਣ ‘ਤੇ ਮਜਬੂਰ ਕਰ ਦਿੱਤਾ। ਇਹ ਖ਼ਬਰ ਹਰ ਦਿਲ ਨੂੰ ਛੂਹ ਰਹੀ ਹੈ ਅਤੇ ਲੋਕਾਂ ਨੂੰ ਸੋਚਣ ‘ਤੇ ਮਜਬੂਰ ਕਰ ਰਹੀ ਹੈ ਕਿ ਕਦੇ-ਕਦੇ ਚੁੱਪ ਦਰਦ ਸਭ ਤੋਂ ਵੱਡੀ ਤਬਾਹੀ ਬਣ ਜਾਂਦਾ ਹੈ।