ਕਰਨਵੀਰ ਸਿੰਘ ਏਸ਼ੀਆਈ ਚੈਂਪੀਅਨਸ਼ਿਪ ''ਚ ਨਹੀਂ ਖੇਡ ਸਕਣਗੇ ,ਡੋਪ ਟੈਸਟ ਵਿਚ ਹੋਏ ਫੇਲ੍ਹ।

ਕਰਨਵੀਰ ਸਿੰਘ ਏਸ਼ੀਆਈ ਚੈਂਪੀਅਨਸ਼ਿਪ ''ਚ ਨਹੀਂ ਖੇਡ ਸਕਣਗੇ ,ਡੋਪ ਟੈਸਟ ਵਿਚ ਹੋਏ ਫੇਲ੍ਹ।

ਸ਼ਾਟਪੁੱਟ ਖਿਡਾਰੀ ਕਰਨਵੀਰ ਸਿੰਘ ਹਾਲ ਹੀ ਵਿਚ ਡੋਪ ਟੈਸਟ ਵਿਚ ਫੇਲ੍ਹ ਹੋ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਗਲੇ ਹਫ਼ਤੇ ਬੈਂਕਾਕ ਵਿਚ ਹੋਣ ਵਾਲੀ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਦੀ ਭਾਰਤੀ ਟੀਮ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਪਟਿਆਲਾ ਵਿਚ ਕੌਮੀ ਖੇਡ ਸੰਸਥਾਨ ਵਿਚ ਸਿਖਲਾਈ ਲੈਣ ਵਾਲੇ ਕਰਨਵੀਰ ਸਿੰਘ ਨੂੰ ਇ ਤੋਂ ਪਹਿਲਾਂ 12-16 ਜੁਲਾਈ ਤਕ ਹੋਣ ਵਾਲੀ ਇਸ ਕੋਂਟੀਨੈਂਟਲ ਚੈਂਪੀਅਨਸ਼ਿਪ ਲਈ 54 ਮੈਂਬਰੀ ਭਾਰਤੀ ਟੀਮ ਲਈ ਨਾਮਜ਼ਦ ਕੀਤਾ ਗਿਆ ਸੀ। ਭਾਰਤੀ ਟੀਮ ਸ਼ਨੀਵਾਰ ਰਾਤ ਥਾਈਲੈਂਡ ਰਵਾਨਾ ਹੋਵੇਗੀ। ਭਾਰਤੀ ਐਥਲੈਟਿਕਸ ਫ਼ੈਡਰੇਸ਼ਨ ਦੇ ਪ੍ਰਧਾਨ ਆਦਿਲ ਸੁਮਰੀਵਾਲਾ ਨੇ ਕਰਨਵੀਰ ਦੇ ਡੋਪ ਟੈਸਟ ਵਿਚ ਫੇਲ੍ਹ ਹੋਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਇਸ ਡੋਪ ਟੈਸਟ ਦੀ ਸਹੀ ਤਾਰੀਖ਼ ਤੇ ਪਾਬੰਦੀਸ਼ੁਦਾ ਪਦਾਰਥ ਦੇ ਨਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਇਕ ਸੂਤਰ ਨੇ ਕਿਹਾ ਸੀ ਕਿ ਕਰਨਵੀਰ ਸਿੰਘ ਨੂੰ ਨਵੀਂ ਦਿਲੀ ਤੇ ਬੈਂਗਲੁਰੂ ਤੋਂ ਥਾਈਲੈਂਡ ਲਈ ਰਵਾਨਾ ਹੋਣ ਵਾਲੀ ਟੀਮ ਤੋਂ ਬਾਹਰ ਕੀਤਾ ਜਾ ਸਕਦਾ ਹੈ। 

ਇਸ 25 ਸਾਲਾ ਖਿਡਾਰੀ ਨੇ ਮਈ ਵਿਚ ਫ਼ੈਡਰੇਸ਼ਨ ਕੱਪ ਵਿਚ 19.05 ਮੀਟਰ ਦੇ ਨਾਲ ਬ੍ਰਾਂਜ਼ ਮੈਡਲ ਜਿੱਤਿਆ ਸੀ, ਜਦਕਿ ਜੂਨ ਵਿਚ ਕੌਮੀ ਅੰਤਰ-ਰਾਜੀ ਚੈਂਪੀਅਨਸ਼ਿਪ ਵਿਚ 19.78 ਮੀਟਰ ਦੀ ਕੋਸ਼ਿਸ਼ ਦੇ ਨਾਲ ਉਹ ਏਸ਼ੀਆਈ ਰਿਕਾਰਡ ਧਾਰਕ ਤਜਿੰਦਰਪਾਲ ਸਿੰਘ ਤੂਰ ਤੋਂ ਬਾਅਦ ਦੂਜੇ ਸਥਾਨ 'ਤੇ ਸੀ। ਉਹ ਮੌਜੂਦਾ ਸੈਸ਼ਨ ਦੀ ਸੂਚੀ ਵਿਚ ਏਸ਼ੀਆਈ ਖਿਡਾਰੀਆਂ ਵਿਚ ਛੇਵੇਂ ਸਥਾਨ 'ਤੇ ਹੈ। ਕਰਨਵੀਰ ਦਾ ਵਿਅਕਤੀਗਤ ਰਿਕਾਰਡ 20.10 ਮੀਟਰ ਹੈ, ਜੋ ਉਨ੍ਹਾਂ ਨੇ ਪਿਛਲੇ ਸਾਲ ਕੌਮੀ ਓਪਨ ਚੈਂਪੀਅਨਸ਼ਿਪ ਦੌਰਾਨ ਹਾਸਲ ਕੀਤਾ ਸੀ। ਤੂਰ ਹੁਣ ਏਸ਼ੀਆਈ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੇ ਸ਼ਾਟਪੁੱਟ ਮੁਕਾਬਲੇ ਵਿਚ ਇਕੱਲੇ ਭਾਰਤੀ ਹੋਣਗੇ।