ਜਲੰਧਰ ਉਪ-ਚੋਣ ਜਿੱਤਣ ’ਤੇ ਭਗਵੰਤ ਮਾਨ ਨੇ ਦਿੱਤਾ ਰਾਤਰੀ ਭੋਜ,ਕੇਜਰੀਵਾਲ ਨੇ ਕੱਟਿਆ ਕੇਕ 

ਜਲੰਧਰ ਉਪ-ਚੋਣ ਜਿੱਤਣ ’ਤੇ ਭਗਵੰਤ ਮਾਨ ਨੇ ਦਿੱਤਾ ਰਾਤਰੀ ਭੋਜ,ਕੇਜਰੀਵਾਲ ਨੇ ਕੱਟਿਆ ਕੇਕ 

ਜਲੰਧਰ ਲੋਕ ਸਭਾ ਸੀਟ ਦੀ ਉਪ-ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਤੇ ਵਿਧਾਇਕਾਂ ਨੂੰ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਰਾਤਰੀ ਭੋਜ ਦਿੱਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਾਸ ਤੌਰ ’ਤੇ ਪਹੁੰਚੇ। ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਰਾਤਰੀ ਭੋਜ ’ਚ ਪਹੁੰਚ ਕੇ ਪਾਰਟੀ ਦੇ ਸਾਰੇ ਨੇਤਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਲੰਧਰ ਉਪ-ਚੋਣ ਦੀ ਜਿੱਤ ਅਸਲ ’ਚ ਸਾਰਿਆਂ ਦੀ ਮਿਹਨਤ ਅਤੇ ਟੀਮ ਵਰਕ ਦਾ ਨਤੀਜਾ ਹੈ। ਰਾਤਰੀ ਭੋਜ ’ਚ ਅਰਵਿੰਦ ਕੇਜਰੀਵਾਲ ਨੇ ਕੇਕ ਕੱਟਿਆ।

                       Image

ਇਸ ਕੇਕ ’ਤੇ ਲਿਖਿਆ ਸੀ–ਸੈਂਚੁਰੀ ਆਫ ‘ਆਪ’ ਇਨ ਪੰਜਾਬ ਮਤਲਬ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ 92 ਵਿਧਾਇਕ ਹਨ, ਰਾਜ ਸਭਾ ਵਿਚ ਉਸ ਦੇ 7 ਸੰਸਦ ਮੈਂਬਰ ਹਨ ਅਤੇ ਲੋਕ ਸਭਾ ਵਿਚ ਇਕ ਸੰਸਦ ਮੈਂਬਰ ਹੈ। ਇਸ ਤਰ੍ਹਾਂ ਕੁਲ ਗਿਣਤੀ 100 ਭਾਵ ਸੈਂਚੁਰੀ ’ਤੇ ਪਹੁੰਚ ਗਈ ਹੈ।

ਰਾਤਰੀ ਭੋਜ ਵਿਚ ਕੇਜਰੀਵਾਲ ਨੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਜਨ ਸੇਵਾ ਵਿਚ ਜੁਟੇ ਰਹਿਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਹੁਣ ਉਨ੍ਹਾਂ ਦਾ ਨਿਸ਼ਾਨਾ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਆਮ ਚੋਣਾਂ ਨੂੰ ਜਿੱਤਣ ਦਾ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਸਾਰੇ ਸਾਥੀਆਂ ਨੂੰ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਹੁਣੇ ਤੋਂ ਸ਼ੁਰੂ ਕਰ ਦੇਣੀਆਂ ਹਨ ਅਤੇ ਜਨਤਾ ਵਿਚਕਾਰ ਬਣੇ ਰਹਿਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਨੂੰ ਵਿਧਾਇਕ ਜ਼ਮੀਨੀ ਪੱਧਰ ’ਤੇ ਲੈ ਕੇ ਜਾਣ।