ਪੰਜਾਬ ਪੁਲਸ ਵੱਲੋਂ ਖ਼ਤਰਨਾਕ ਸ਼ੂਟਰਾਂ ਨਾਲ ਫਿਲਮੀ ਅੰਦਾਜ਼ ਵਿੱਚ ਐਨਕਾਊਂਟਰ, ਤਿੱਖੀ ਮੁੱਠਭੇੜ ਦੌਰਾਨ ਵੱਡੀ ਕਾਮਯਾਬੀ

ਪੰਜਾਬ ਪੁਲਸ ਵੱਲੋਂ ਖ਼ਤਰਨਾਕ ਸ਼ੂਟਰਾਂ ਨਾਲ ਫਿਲਮੀ ਅੰਦਾਜ਼ ਵਿੱਚ ਐਨਕਾਊਂਟਰ, ਤਿੱਖੀ ਮੁੱਠਭੇੜ ਦੌਰਾਨ ਵੱਡੀ ਕਾਮਯਾਬੀ

ਥਾਣਾ ਵਲਟੋਹਾ ਅਧੀਨ ਆਉਂਦੇ ਪਿੰਡ ਆਸਲ ਉਤਾੜ ਵਿਖੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਤਿੰਨ ਸ਼ੂਟਰਾਂ ਅਤੇ ਪੁਲਸ ਦਰਮਿਆਨ ਮੁੱਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪੁਲਸ ਦੀ ਜਵਾਬੀ ਫਾਇਰਿੰਗ ਵਿਚ 4 ਮੁਲਜ਼ਮ ਜ਼ਖਮੀ ਹੋ ਗਏ ਹਨ। ਪੁਲਸ ਨੇ ਮੁਲਜ਼ਮਾਂ ਪਾਸੋਂ ਇਕ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਥਾਣਾ ਵਲਟੋਹਾ ਦੀ ਪੁਲਸ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਇਲਾਕੇ ਵਿਚ ਪ੍ਰਭ ਦਾਸੂਵਾਲ ਗੈਂਗਸਟਰ ਦੇ ਗੁਰਗੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ। ਜਿਸ ਦੇ ਚੱਲਦਿਆਂ ਪਿੰਡ ਆਸਲ ਉਤਾੜ ਪਟੜੀ ਦੇ ਨਜ਼ਦੀਕ ਕੀਤੀ ਗਈ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਇਸ ਤੋਂ ਬਾਅਦ ਮੁਲਜ਼ਮਾਂ ਵੱਲੋਂ ਪੁਲਸ ਪਾਰਟੀ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਹਰਕਤ ਵਿਚ ਆਉਂਦੇ ਹੋਏ ਪੁਲਸ ਵੱਲੋਂ ਮੁਲਜ਼ਮਾਂ ਦਾ ਪਿੱਛਾ ਕੀਤਾ ਗਿਆ, ਪ੍ਰੰਤੂ ਮੁਲਜ਼ਮਾਂ ਨੇ ਪੁਲਸ ਉੱਪਰ ਫਾਇਰਿੰਗ ਜਾਰੀ ਰੱਖੀ। 

ਇਸ ਸਬੰਧੀ ਪੁਲਸ ਨੇ ਮੁਲਜ਼ਮਾਂ ਉੱਪਰ ਜਵਾਬੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਚਲਦਿਆਂ ਦੋ ਮੁਲਜ਼ਮ ਲੱਤਾਂ ਵਿਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਦੀ ਪਛਾਣ ਆਕਾਸ਼ਦੀਪ ਸਿੰਘ ਅਤੇ ਸੰਨੀ ਵਜੋਂ ਹੋਈ ਹੈ ਜਿਨ੍ਹਾਂ ਪਾਸੋਂ ਇਕ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ ਕਰਦੇ ਹੋਏ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਵਲਟੋਹਾ ਦੀ ਪੁਲਸ ਨੂੰ ਸੂਚਨਾ ਮਿਲਣ ਤੋਂ ਬਾਅਦ ਇਲਾਕੇ ਵਿਚ ਨਾਕਾਬੰਦੀ ਕੀਤੀ ਗਈ ਸੀ ਜਿਸ ਦੇ ਚੱਲਦਿਆਂ ਇਕ ਮੋਟਰਸਾਈਕਲ ਉੱਪਰ ਸਵਾਰ ਦੋ ਮੁਲਜ਼ਮਾਂ ਵੱਲੋਂ ਪੁਲਸ ਵੱਲੋਂ ਰੁਕਣ ਦਾ ਇਸ਼ਾਰਾ ਕਾਰਨ ਉਪਰੰਤ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਜਿਸ ਦੇ ਜਵਾਬ ਵਿਚ ਪੁਲਸ ਨੇ ਜਦੋਂ ਫਾਇਰ ਕੀਤੇ ਤਾਂ ਉਹ ਦੋਵੇਂ ਜ਼ਖਮੀ ਹੋ ਗਏ ਜਿਨ੍ਹਾਂ ਦੀ ਪਛਾਣ ਆਕਾਸ਼ ਦੀਪ ਸਿੰਘ ਅਤੇ ਸੰਨੀ ਵਜੋਂ ਹੋਈ ਹੈ। 

ਐੱਸਐੱਸਪੀ ਨੇ ਦੱਸਿਆ ਕਿ ਇਸ ਦੌਰਾਨ ਵਾਰਦਾਤ ਵਾਲੀ ਜਗ੍ਹਾ ਉੱਪਰ ਮੌਜੂਦ ਪੁਲਸ ਪਾਰਟੀ ਜਦੋਂ ਕਰਾਈਮ ਸੀਨ ਟੀਮ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਇਕ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਦੋ ਮੁਲਜ਼ਮ ਮੌਕੇ 'ਤੇ ਆਏ ਜਿੰਨਾਂ ਵੱਲੋਂ ਆਪਣੇ ਸਾਥੀਆਂ ਨੂੰ ਛਡਾਊਣ ਦੀ ਕੋਸ਼ਿਸ਼ ਦੇ ਮਕਸਦ ਨਾਲ ਪੁਲਸ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਜਿਸ ਦੇ ਜਵਾਬ ਵਿੱਚ ਪੁਲਸ ਵੱਲੋਂ ਕੀਤੀ ਗਈ ਫਾਇਰਿੰਗ ਦੇ ਚਲਦਿਆਂ ਉਹ ਦੋਵੇਂ ਮੁਲਜ਼ਮ ਵੀ ਜ਼ਖਮੀ ਹੋ ਗਏ। ਜਿਨ੍ਹਾਂ ਦੀ ਪਛਾਣ ਸੁਖਵਿੰਦਰ ਸਿੰਘ ਅਤੇ ਸੰਨੀ ਵਜੋਂ ਹੋਈ ਹੈ। ਐੱਸਐੱਸਪੀ ਨੇ ਦੱਸਿਆ ਕਿ ਇਸ ਐਨਕਾਊਂਟਰ ਵਿਚ ਕੁੱਲ ਚਾਰ ਮੁਲਜ਼ਮ ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਖਾਣਾ ਵਲਟੋਹਾ ਵਿਖੇ ਮੁਲਜ਼ਮਾਂ ਖ਼ਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।