ਕੋਲਕਾਤਾ ਜਬਰ-ਜ਼ਿਨਾਹ ਮਾਮਲੇ ''ਚ ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਹੋਈ ਸਜ਼ਾ

ਕੋਲਕਾਤਾ ਜਬਰ-ਜ਼ਿਨਾਹ ਮਾਮਲੇ ''ਚ ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਹੋਈ ਸਜ਼ਾ

ਕੋਲਕਾਤਾ ਦੇ ਸਰਕਾਰੀ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਇਕ ਮਹਿਲਾ ਸਿਖਿਆਰਥੀ ਡਾਕਟਰ ਦੇ ਕਤਲ ਅਤੇ ਜਬਰ-ਜ਼ਿਨਾਹ ਦੇ ਦੋਸ਼ੀ ਪਾਏ ਗਏ ਸੰਜੇ ਰਾਏ ਨੂੰ ਪੱਛਮੀ ਬੰਗਾਲ ਵਿਚ ਸਿਆਲਦਾਹ ਦੀ ਇਕ ਸੈਸ਼ਨ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੰਜੇ ਨੂੰ ਮਰਦੇ ਦਮ ਤੱਕ ਉਮਰ ਕੈਦ ਦਿੱਤੀ ਗਈ ਹੈ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਨੂੰ ਉਮਰ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਨੂੰ ਦੁਰਲੱਭ ਮਾਮਲਾ ਦੱਸਦੇ ਹੋਏ ਸੀ. ਬੀ. ਆਈ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਸੀ ਪਰ ਅਦਾਲਤ ਨੇ ਕਿਹਾ ਕਿ ਇਹ ਅਜਿਹਾ ਮਾਮਲਾ ਨਹੀਂ ਹੈ। ਅਦਾਲਤ ਨੇ ਸੂਬਾ ਸਰਕਾਰ ਨੂੰ ਪੀੜਤ ਡਾਕਟਰ ਦੇ ਪਰਿਵਾਰ ਨੂੰ 17 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਹੁਕਮ ਵੀ ਦਿੱਤਾ ਹੈ। ਪੀੜਤ ਸਿਖਿਆਰਥੀ ਪੋਸਟ ਗ੍ਰੈਜੂਏਟ ਦੂਜੇ ਸਾਲ ਦੀ ਵਿਦਿਆਰਥਣ ਸੀ ਅਤੇ ਹਸਪਤਾਲ ਵਿਚ ਸਿਖਿਆਰਥੀ ਰੈਜ਼ੀਡੈਂਟ ਡਾਕਟਰ ਵਜੋਂ ਕੰਮ ਕਰ ਰਹੀ ਸੀ।

ਮਹਿਲਾ ਸਿਖਿਆਰਥੀ ਡਾਕਟਰ ਦੀ ਲਾਸ਼ ਅਗਸਤ 2024 ਨੂੰ ਕੋਲਕਾਤਾ ਦੇ ਹਸਪਤਾਲ ਕੰਪਲੈਕਸ ਵਿਚ ਮਿਲੀ ਸੀ। ਅਦਾਲਤ ਦੇ ਜੱਜ ਅਨਿਰਬਾਨ ਦਾਸ ਨੇ 18 ਜਨਵਰੀ ਨੂੰ ਸੰਜੇ ਨੂੰ ਦੋਸ਼ੀ ਕਰਾਰ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ  ਅਦਾਲਤ ਦੀ ਕਾਰਵਾਈ ਸੋਮਵਾਰ ਦੁਪਹਿਰ ਸ਼ੁਰੂ ਹੋਈ। ਜੱਜ ਨੇ ਦੋਸ਼ੀ ਸੰਜੇ ਰਾਏ ਅਤੇ ਪੀੜਤ ਦੇ ਮਾਤਾ-ਪਿਤਾ ਨੂੰ ਕੇਸ 'ਤੇ ਆਪਣਾ ਅੰਤਿਮ ਬਿਆਨ ਦੇਣ ਦੀ ਇਜਾਜ਼ਤ ਦਿੱਤੀ। ਇਸ ਤੋਂ ਬਾਅਦ ਅਦਾਲਤ ਦੇ ਜੱਜ ਨੇ ਇਸ ਮਾਮਲੇ 'ਚ ਦੋਸ਼ੀ ਸੰਜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਜੱਜ ਨੇ ਕਿਹਾ ਕਿ ਸੰਜੇ ਮਰਦੇ ਦਮ ਤੱਕ ਜੇਲ੍ਹ ਵਿਚ ਰਹੇਗਾ।

ਸੰਜੇ ਨੂੰ 10 ਅਗਸਤ, 2024 ਨੂੰ ਆਰ.ਜੀ. ਕਰ ਹਸਪਤਾਲ ਦੇ ਸੈਮੀਨਾਰ ਰੂਮ 'ਚ 31 ਸਾਲਾ ਡਾਕਟਰ ਦੀ ਲਾਸ਼ ਮਿਲਣ ਤੋਂ ਇਕ ਦਿਨ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਜੱਜ ਨੇ ਦੋਸ਼ੀ ਨੂੰ  ਭਾਰਤੀ ਨਿਆਂਇਕ ਸੰਹਿਤਾ (BNS) ਦੀ ਧਾਰਾ 64, 66 ਅਤੇ 103 (1) ਦੇ ਤਹਿਤ ਦੋਸ਼ੀ ਠਹਿਰਾਇਆ ਹੈ।  BNS ਦੀ ਧਾਰਾ 103(1) (ਕਤਲ) ਦੇ ਤਹਿਤ ਦੋਸ਼ੀ ਲਈ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੀ ਵਿਵਸਥਾ ਹੈ। ਕੋਲਕਾਤਾ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਕੋਲਕਾਤਾ ਪੁਲਸ ਤੋਂ ਕੇਂਦਰੀ ਜਾਂਚ ਬਿਊਰੋ (CBI) ਨੂੰ ਸੌਂਪ ਦਿੱਤੀ ਸੀ।

ਪਿਛਲੇ ਸਾਲ 9 ਅਗਸਤ ਨੂੰ ਰਾਤ ਦੀ ਡਿਊਟੀ 'ਤੇ ਨਾਗਰਿਕ ਸਹਾਇਤਾ ਦੇ ਤੌਰ 'ਤੇ ਕੰਮ ਕਰ ਰਹੇ ਸੰਜੇ ਰਾਏ ਨੇ ਪੀੜਤ ਡਾਕਟਰ ਨੂੰ ਕਮਰੇ ਵਿਚ ਇਕੱਲੀ ਦੇਖ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਦੇ ਖਿਲਾਫ ਕੋਲਕਾਤਾ ਤੋਂ ਲੈ ਕੇ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋਏ। ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਜਾਂਚ ਕੋਲਕਾਤਾ ਪੁਲਸ ਤੋਂ ਸੀ. ਬੀ. ਆਈ ਨੂੰ ਸੌਂਪੀ ਸੀ।