30 ਰੁਪਏ ਪਿੱਛੇ ਨਡਾਲਾ ਅਨਾਜ ਮੰਡੀ ‘ਚ ਕੰਮ ਕਰਦੇ ਮਜ਼ਦੂਰ ਦਾ ਕਰ ਤਾ ਕਤਲ

30 ਰੁਪਏ ਪਿੱਛੇ ਨਡਾਲਾ ਅਨਾਜ ਮੰਡੀ ‘ਚ ਕੰਮ ਕਰਦੇ ਮਜ਼ਦੂਰ ਦਾ ਕਰ ਤਾ ਕਤਲ

ਬੇਗੋਵਾਲ ਰੋਡ ਸਥਿਤ ਨਡਾਲਾ ਅਨਾਜ ਮੰਡੀ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਮੰਡੀ ਚ ਕੰਮ ਕਰਦੇ ਇੱਕ ਪ੍ਰਵਾਸੀ ਮਜ਼ਦੂਰ ਦੀ ਉਸਦੇ ਹੀ ਸਾਥੀ ਵੱਲੋਂ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਨਾਲ ਮੰਡੀ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਦੀ ਪਛਾਣ ਸੂਰਜ ਕੁਮਾਰ (22) ਪੁੱਤਰ ਰਾਮ ਚੰਦਰ ਮੰਡਲ ਵਾਸੀ ਬਿਹਾਰ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 30 ਰੁਪਏ ਨੂੰ ਲੈ ਕੇ ਮਜ਼ਦੂਰਾਂ ਵਿਚਕਾਰ ਆਪਸੀ ਤਕਰਾਰ ਹੋਈ ਸੀ, ਜੋ ਬਾਅਦ ਵਿੱਚ ਹਿੰਸਕ ਰੂਪ ਧਾਰ ਗਈ। ਦੋਸ਼ ਹੈ ਕਿ ਰਾਤ ਸਮੇਂ ਤਿੰਨ ਲੋਕ ਆਏ ਅਤੇ ਸੂਰਜ ਨੂੰ ਘਰੋਂ ਬਾਹਰ ਬੁਲਾ ਕੇ ਉਸਦਾ ਗਲਾ ਦਬਾ ਦਿੱਤਾ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਵੇਰੇ ਲਗਭਗ 6 ਵਜੇ ਮ੍ਰਿਤਕ ਦੇ ਪਿਤਾ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ।

ਸੂਚਨਾ ਮਿਲਦੇ ਹੀ ਪੁਲਿਸ ਅਤੇ ਫੋਰਨਸਿਕ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਲਾਸ਼ ਨੂੰ ਕਬਜੇ ਚ ਲੈ ਕੇ ਅਗਲੀ ਤਫਤੀਸ਼ ਆਰੰਭ ਕਰ ਦਿੱਤੀ ਹੈ ਅਤੇ ਜਲਦ ਹੀ ਮਾਮਲਾ ਦਰਜ਼ ਕਰਕੇ ਗ੍ਰਿਫਤਾਰੀ ਦੀ ਗੱਲ ਕਹੀ ਜਾ ਰਹੀ ਹੈ। ਇਸ ਦੁਖਦਾਈ ਘਟਨਾ ਨਾਲ ਮੰਡੀ ਵਿੱਚ ਕੰਮ ਕਰਦੇ ਮਜ਼ਦੂਰਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ।