- Updated: May 08, 2026 10:20 PM
ਇਕ ਮਈ ਨੂੰ ਰਤੀਪੁਰ ਰੋਡ ਸਥਿਤ ਕਾਲੋਨੀ ’ਚ ਨੌਜਵਾਨਾਂ ਦੀ ਹੋਈ ਖ਼ੂਨੀ ਝੜਪ ਦੌਰਾਨ ਨੌਜਵਾਨ ਗਗਨਦੀਪ ਸਿੰਘ ਵਾਸੀ ਹੇਡੋਂ ਬੇਟ ਦਾ ਕਤਲ ਹੋ ਗਿਆ ਸੀ ਤੇ ਉਸ ਦਾ ਸਾਥੀ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਲੱਖੋਵਾਲ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ ਸੀ। ਸੱਤ ਦਿਨ ਨੌਜਵਾਨ ਮਨਪ੍ਰੀਤ ਸਿੰਘ ਮਨੀ ਹਸਪਤਾਲ ’ਚ ਜ਼ਿੰਦਗੀ ਤੇ ਮੌਤ ਨਾਲ ਲੜਾਈ ਲੜਦਾ ਰਿਹਾ ਤੇ ਸ਼ੁੱਕਰਵਾਰ ਸ਼ਾਮ ਪੀ.ਜੀ.ਆਈ. ਹਸਪਤਾਲ ਵਿਖੇ ਦਮ ਤੋੜ ਦਿੱਤਾ। ਮਾਛੀਵਾੜਾ ਥਾਣਾ ਦੇ ਮੁਖੀ ਪਵਿੱਤਰ ਸਿੰਘ ਨੇ ਨੌਜਵਾਨ ਮਨੀ ਲੱਖੋਵਾਲ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ਼ਨੀਵਾਰ ਨੂੰ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ ਤੇ ਜਿਹੜੇ ਵੀ ਮੁਲਜ਼ਮ ਹਨ, ਉਨ੍ਹਾਂ ਖ਼ਿਲਾਫ਼ ਹੁਣ ਦੋ ਕਤਲਾਂ ਦਾ ਮਾਮਲਾ ਦਰਜ ਹੋਵੇਗਾ। ਥਾਣਾ ਮੁਖੀ ਨੇ ਕਿਹਾ ਕਿ ਬੇਸ਼ੱਕ ਇਸ ਮਾਮਲੇ ’ਚ ਪੁਲਸ ਵੱਲੋਂ 8 ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ ਤੇ ਬਾਕੀ ਵੀ ਜਲਦ ਕਾਬੂ ਕਰ ਲਏ ਜਾਣਗੇ। ਨੌਜਵਾਨ ਮਨੀ ਦੀ ਮੌਤ ਤੋਂ ਬਾਅਦ ਪਿੰਡ ਲੱਖੋਵਾਲ ’ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦਾ ਪਿਤਾ ਪੁਲਸ ਮੁਲਾਜ਼ਮ ਸੀ ਤੇ ਉਸ ਦੀ ਵੀ ਮੌਤ ਹੋ ਚੁੱਕੀ ਹੈ। ਸ਼ਨੀਵਾਰ ਨੂੰ ਪੋਸਟ ਮਾਰਟਮ ਕਰਵਾਉਣ ਉਪਰੰਤ ਪਿੰਡ ਲੱਖੋਵਾਲ ਵਿਖੇ ਉਸ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ।
ਪਹਿਲਾਂ ਹੋਈ ਮੌਤ ਦੀ ਖ਼ਬਰ ਆਖਰ ਸੱਚ ਸਾਬਿਤ ਹੋਈ
ਲੱਖੋਵਾਲ ਦੇ ਨੌਜਵਾਨ ਮਨਪ੍ਰੀਤ ਸਿੰਘ ਉਰਫ਼ ਮਨੀ ਦੀ ਖ਼ੂਨੀ ਝੜਪ ਤੋਂ ਦੂਜੇ ਦਿਨ ਮੌਤ ਦੀ ਖ਼ਬਰ ਪੁਲਸ ਨੇ ਪੱਤਰਕਾਰਾਂ ਨੂੰ ਦਿੱਤੀ ਸੀ ਪਰ ਬਾਅਦ ’ਚ ਪਤਾ ਲੱਗਾ ਕਿ ਜਦੋਂ ਉਸ ਨੂੰ ਪੋਸਟ ਮਾਰਟਮ ਲਈ ਸਮਰਾਲਾ ਲਿਆਂਦਾ ਜਾ ਰਿਹਾ ਸੀ ਤਾਂ ਉਸ ਦੇ ਸਾਹ ਮੁੜ ਤੋਂ ਚੱਲਣ ਲੱਗੇ ਸਨ। ਉਸ ਨੂੰ ਇਲਾਜ ਲਈ ਪੀ.ਜੀ.ਆਈ. ਦਾਖ਼ਲ ਕਰਵਾਇਆ ਗਿਆ ਸੀ। ਪਰਿਵਾਰ ਵੱਲੋਂ ਅਣਥੱਕ ਕੋਸ਼ਿਸ਼ਾਂ ਕੀਤੀਆਂ ਕਿ ਨੌਜਵਾਨ ਪੁੱਤ ਦੀ ਜਾਨ ਬਚਾਈ ਜਾ ਸਕੇ। ਮਨਪ੍ਰੀਤ ਸਿੰਘ ਦੇ ਸਿਰ ’ਚ ਗੰਡਾਸੇ ਨਾਲ ਬੜਾ ਡੂੰਘਾ ਜ਼ਖ਼ਮ ਸੀ ਤੇ ਉਹ ਇਲਾਜ ਦੌੌਰਾਨ ਕੋਮਾ ’ਚ ਹੀ ਰਿਹਾ ਤੇ ਆਖਰ ਦਮ ਤੋੜ ਗਿਆ। ਉਸ ਦੀ ਮੌਤ ਦੀ ਪਹਿਲਾਂ ਫੈਲੀ ਖ਼ਬਰ ਆਖਰ ਸੱਚ ਹੀ ਸਾਬਤ ਹੋਈ।