ਲਾਰੈਂਸ ਬਿਸ਼ਨੋਈ ਗੈਂਗ ’ਤੇ ਕੈਨੇਡਾ ਦਾ ਸ਼ਿਕੰਜਾ, 200 ਨੂੰ ਦੇਸ਼ ਛੱਡਣ ਦੇ ਹੁਕਮ, 111 ਡਿਪੋਰਟ

ਲਾਰੈਂਸ ਬਿਸ਼ਨੋਈ ਗੈਂਗ ’ਤੇ ਕੈਨੇਡਾ ਦਾ ਸ਼ਿਕੰਜਾ, 200 ਨੂੰ ਦੇਸ਼ ਛੱਡਣ ਦੇ ਹੁਕਮ, 111 ਡਿਪੋਰਟ

ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਖ਼ਿਲਾਫ਼ ਸੁਰੱਖਿਆ ਅਤੇ ਇਮੀਗ੍ਰੇਸ਼ਨ ਏਜੰਸੀਆਂ ਵੱਲੋਂ ਸ਼ਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਹੈ। ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਸਰੋਤਾਂ ਅਤੇ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਇਸ ਗੈਂਗ ਨਾਲ ਸਬੰਧਤ ਲਗਭਗ 200 ਵਿਅਕਤੀਆਂ ਨੂੰ ਦੇਸ਼ ਛੱਡਣ ਦੇ ਹੁਕਮ ਦਿੱਤੇ ਗਏ ਹਨ। ਇਹਨਾਂ ਵਿੱਚੋਂ ਹੁਣ ਤੱਕ 111 ਲੋਕਾਂ ਨੂੰ ਕੈਨੇਡਾ ਤੋਂ ਡਿਪੋਰਟ (ਦੇਸ਼ ਨਿਕਾਲਾ) ਵੀ ਕੀਤਾ ਜਾ ਚੁੱਕਾ ਹੈ। ਏਜੰਸੀਆਂ ਮੁਤਾਬਕ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਉਨ੍ਹਾਂ ਦੇ ਮੁੱਖ ਪ੍ਰਾਥਮਿਕਤਾ ਵਾਲੇ ਟੀਚਿਆਂ ਵਿੱਚ ਰੱਖਿਆ ਗਿਆ ਹੈ।

ਇਸ ਕਾਰਵਾਈ ਦੇ ਚਲਦਿਆਂ 25 ਸਾਲਾ ਭਾਰਤੀ ਨਾਗਰਿਕ ਜਸ਼ਨਦੀਪ ਸਿੰਘ ਦਾ ਮਾਮਲਾ ਵੀ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਹੈ, ਜੋ ਦਸੰਬਰ 2022 ਵਿੱਚ ਇੱਕ ਵਿਦਿਆਰਥੀ (ਸਟੂਡੈਂਟ) ਵਜੋਂ ਕੈਨੇਡਾ ਪਹੁੰਚਿਆ ਸੀ। ਕੈਨੇਡਾ ਦੇ 'ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ' ਨੇ ਜੁਲਾਈ ਵਿੱਚ ਉਸ ਨੂੰ ਦੇਸ਼ ਵਿੱਚ ਰਹਿਣ ਲਈ ਅਯੋਗ ਕਰਾਰ ਦਿੰਦਿਆਂ ਬਾਹਰ ਭੇਜਣ ਦਾ ਹੁਕਮ ਦਿੱਤਾ ਸੀ। ਪੁਲਸ ਅਨੁਸਾਰ ਜਸ਼ਨਦੀਪ ਦਾ ਸਬੰਧ ਲਾਰੈਂਸ ਬਿਸ਼ਨੋਈ ਦੇ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਨਾਲ ਸੀ।

ਜਸ਼ਨਦੀਪ ਖ਼ਿਲਾਫ਼ ਕੀਤੀ ਗਈ ਜਾਂਚ ਵਿੱਚ ਅਗਸਤ 2025 ਵਿੱਚ ਐਡਮੰਟਨ ਵਿਖੇ ਹੋਈ ਇੱਕ ਜਨਮਦਿਨ ਪਾਰਟੀ ਦੀ ਵੀਡੀਓ ਅਹਿਮ ਸਬੂਤ ਬਣੀ, ਜਿਸ ਵਿੱਚ ਬਿਸ਼ਨੋਈ ਗੈਂਗ ਦਾ ਕਥਿਤ 'ਮਿਡਲ ਮੈਨੇਜਰ' ਅਰਸ਼ਦੀਪ ਸਿੰਘ ਪਿਸਤੌਲ ਨਾਲ ਹਵਾ ਵਿੱਚ ਗੋਲੀਆਂ ਚਲਾਉਂਦਾ ਦਿਖਾਈ ਦਿੱਤਾ ਸੀ। ਅਰਸ਼ਦੀਪ ਨੂੰ ਸਾਲ 2026 ਵਿੱਚ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ। ਜਾਂਚ ਦੌਰਾਨ ਇਸੇ ਹਥਿਆਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਇੱਕ ਕੈਫੇ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਨਾਲ ਜੋੜ ਕੇ ਦੇਖਿਆ ਗਿਆ, ਜਿਸ ਤੋਂ ਬਾਅਦ ਜਸ਼ਨਦੀਪ ਵੀ ਪੁਲਸ ਦੇ ਰਡਾਰ 'ਤੇ ਆ ਗਿਆ।

ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਵਿਅਕਤੀਆਂ 'ਤੇ ਅੱਤਵਾਦ, ਜ਼ਬਰਦਸਤੀ ਵਸੂਲੀ, ਨਸ਼ੇ ਦੀ ਤਸਕਰੀ ਅਤੇ ਠੇਕੇ 'ਤੇ ਹੱਤਿਆਵਾਂ ਵਰਗੀਆਂ ਗੰਭੀਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ।