ਕਾਂਗਰਸ ਤੇ ਅਕਾਲੀ ਦਲ ਛੱਡਣ ਵਾਲੇ ਨੇਤਾਵਾਂ ਦੀ ਲਿਸਟ ਹੋ ਸਕਦੀ ਹੈ ਲੰਬੀ ਅਮਿਤ ਸ਼ਾਹ ਦੀ ਰੈਲੀ ਦੌਰਾਨ। 

  ਕਾਂਗਰਸ ਤੇ ਅਕਾਲੀ ਦਲ ਛੱਡਣ ਵਾਲੇ ਨੇਤਾਵਾਂ ਦੀ ਲਿਸਟ ਹੋ ਸਕਦੀ ਹੈ ਲੰਬੀ ਅਮਿਤ ਸ਼ਾਹ ਦੀ ਰੈਲੀ ਦੌਰਾਨ। 

ਗ੍ਰਹਿ ਮੰਤਰੀ ਅਮਿਤ ਸ਼ਾਹ 29 ਜਨਵਰੀ ਨੂੰ ਪਟਿਆਲਾ ’ਚ ਹੋਣ ਵਾਲੀ ਰੈਲੀ ਨੂੰ ਚਾਹੇ ਪੈਂਡਿੰਗ ਕਰ ਦਿੱਤਾ ਗਿਆ ਹੈ ਪਰ ਇਹ ਰੈਲੀ ਮੁੜ ਜਦੋਂ ਵੀ ਹੋਵੇਗੀ, ਉਸ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਨੇਤਾਵਾਂ ਦੀ ਲਿਸਟ ਹੋਰ ਲੰਬੀ ਹੋ ਸਕਦੀ ਹੈ। ਇਥੇ ਦੱਸਣਾ ਉੱਚਿਤ ਹੋਵੇਗਾ ਕਿ ਪੰਜਾਬ ’ਚ ਅਕਾਲੀ ਦਲ ਨਾਲੋਂ ਰਿਸ਼ਤਾ ਟੁੱਟਣ ਤੋਂ ਬਾਅਦ ਇਕੱਲੇ ਚੋਣ ਲੜਨ ਵਾਲੀ ਭਾਜਪਾ ਵੱਲੋਂ ਆਪਣਾ ਕੁਨਬਾ ਵਧਾਉਣ ਲਈ ਜੋ ਡਰਾਈਵ ਸ਼ੁਰੂ ਕੀਤੀ ਗਈ ਹੈ, ਉਸ ਤਹਿਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ’ਚ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਵੱਡੇ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ’ਚ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਤੋਂ ਇਲਾਵਾ ਕਈ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਂ ਸ਼ਾਮਲ ਹਨ।

ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਪੰਜਾਬ ’ਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਜੋ ਯੋਜਨਾ ਬਣਾਈ ਗਈ ਹੈ। ਉਸ ਦੇ ਤਹਿਤ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਤੋਂ ਇਹ ਚਰਚਾ ਤੇਜ਼ ਹੋ ਗਈ ਹੈ ਕਿ ਆਉਣ ਵਾਲੇ ਦਿਨਾਂ ’ਚ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਹੋਰ ਵੱਡੇ ਨੇਤਾ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ, ਜਿਸ ਲਈ ਅਮਿਤ ਸ਼ਾਹ ਦੀ 29 ਜਨਵਰੀ ਨੂੰ ਪਟਿਆਲਾ ’ਚ ਰੈਲੀ ਰੱਖੀ ਗਈ ਸੀ। ਹਾਲਾਂਕਿ ਇਸ ਰੈਲੀ ਨੂੰ ਹਾਲ ਦੀ ਘੜੀ ਪੈਂਡਿੰਗ ਕਰ ਦਿੱਤਾ ਗਿਆ ਹੈ ਪਰ ਇਹ ਰੈਲੀ ਮੁੜ ਜਦੋਂ ਵੀ ਅਤੇ ਜਿੱਥੇ ਵੀ ਹੋਵੇਗੀ, ਉਸ ਵਿਚ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਹੋਰ ਵੱਡੇ ਨੇਤਾਵਾਂ ਦਾ ਭਾਜਪਾ ’ਚ ਸ਼ਾਮਲ ਹੋਣਾ ਤੈਅ ਮੰਨਿਆ ਜਾ ਰਿਹਾ ਹੈ।

ਅਮਿਤ ਸ਼ਾਹ ਦੀ ਪਟਿਆਲਾ ’ਚ ਹੋਣ ਵਾਲੀ ਰੈਲੀ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਪ੍ਰਨੀਤ ਕੌਰ ’ਤੇ ਲੱਗੀਆਂ ਹੋਈਆਂ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਪ੍ਰਨੀਤ ਕੌਰ ਨੇ ਨਾ ਤਾਂ ਕਾਂਗਰਸ ਛੱਡੀ ਅਤੇ ਨਾ ਹੀ ਪਾਰਟੀ ਦੀਆਂ ਗਤੀਵਿਧੀਆਂ ’ਚ ਹਿੱਸਾ ਲੈ ਰਹੀ ਹੈ। ਉਨ੍ਹਾਂ ਨੇ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਵੱਲੋਂ ਜਾਰੀ ਨੋਟਿਸ ਦਾ ਵੀ ਜਵਾਬ ਵੀ ਨਹੀਂ ਦਿੱਤਾ। ਹਾਲਾਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਾਫ ਕਰ ਚੁੱਕੇ ਹਨ ਕਿ ਪ੍ਰਨੀਤ ਕੌਰ ਕਾਂਗਰਸ ਦਾ ਹਿੱਸਾ ਨਹੀਂ ਹਨ। ਇਸੇ ਦੌਰਾਨ ਹੁਣ ਇਹ ਚਰਚਾ ਤੇਜ਼ ਹੋ ਗਈ ਹੈ ਕਿ ਪ੍ਰਨੀਤ ਕੌਰ ਪਟਿਆਲਾ ਰੈਲੀ ’ਚ ਜਾਂ ਦਿੱਲੀ ਜਾ ਕੇ ਭਾਜਪਾ ’ਚ ਸ਼ਾਮਲ ਹੋ ਸਕਦੀ ਹੈ। ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਪ੍ਰਨੀਤ ਕੌਰ ਦੀ ਧੀ ਜੈਇੰਦਰ ਕੌਰ ਪਟਿਆਲਾ ਤੋਂ ਲੋਕ ਸਭਾ ਚੋਣ ਲੜ ਸਕਦੀ ਹੈ, ਜਿਨ੍ਹਾਂ ਨੂੰ ਭਾਜਪਾ ’ਚ ਸ਼ਾਮਲ ਹੋਣ ’ਤੇ ਅਹੁਦੇਦਾਰ ਬਣਾਇਆ ਗਿਆ ਹੈ।

ਮਨਪ੍ਰੀਤ ਬਾਦਲ ਦੇ ਭਾਜਪਾ ’ਚ ਸ਼ਾਮਲ ਹੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਵੀ ਟਿੱਪਣੀ ਕੀਤੀ ਗਈ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਪਿਛਲੇ ਸਮੇਂ ਦੌਰਾਨ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਕਾਂਗਰਸੀ ਨੇਤਾਵਾਂ ਦੀ ਫੋਟੋ ਸ਼ੇਅਰ ਕੀਤੀ ਗਈ। ਇਸ ਦੇ ਨਾਲ ਲਿਖਿਆ ਗਿਆ ਹੈ ਕਿ ਕਾਂਗਰਸ ਨੇ ਆਪਣੇ ਨੇਤਾਵਾਂ ਨੂੰ ਭਾਜਪਾ ’ਚ ਸ਼ਾਮਲ ਕਰਵਾਇਆ ਹੈ। ਇਸ ਤਰ੍ਹਾਂ ਭਾਜਪਾ ਦੀ ਗੰਦੀ ਸਿਆਸਤ ’ਚ ਭ੍ਰਿਸ਼ਟ ਕਾਂਗਰਸੀ ਸ਼ਾਮਲ ਹੋ ਗਏ ਹਨ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਕਾਂਗਰਸ ਮੁਕਤ ਭਾਰਤ ਤੋਂ ਪਹਿਲਾਂ ਕਾਂਗਰਸ ਮੁਕਤ ਪੰਜਾਬ ਬਣ ਸਕਦਾ ਹੈ। ਪੰਜਾਬ ’ਚ ਸਰਕਾਰ ਬਦਲਣ ਤੋਂ ਬਾਅਦ ਕਾਂਗਰਸ ਛੱਡਣ ਵਾਲੇ ਨੇਤਾਵਾਂ ਦੀ ਲਿਸਟ ’ਚ ਸਾਬਕਾ ਮੰਤਰੀਆਂ ਮਨਪ੍ਰੀਤ ਬਾਦਲ, ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੱਧੂ, ਰਾਜ ਕੁਮਾਰ ਵੇਰਕਾ, ਰਾਣਾ ਸੋਢੀ, ਗੁਰਪ੍ਰੀਤ ਕਾਂਗੜ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਰਹੇ ਸੁਨੀਲ ਜਾਖੜ ਦਾ ਨਾਂ ਵੀ ਸ਼ਾਮਲ ਹੈ, ਜਿਨ੍ਹਾਂ ਵੱਲੋਂ ਬਾਕੀ ਕਾਂਗਰਸ ਨੇਤਾਵਾਂ ਨੂੰ ਭਾਜਪਾ ’ਚ ਲਿਜਾਣ ਵਿਚ ਅਹਿਮ ਭੂਮਿਕਾ ਨਿਭਾਈ ਗਈ ਹੈ।