- Updated: February 03, 2026 03:39 PM
ਅੱਜ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਦਨ 'ਚ ਬਹਿਸਬਾਜ਼ੀ ਹੋਈ, ਜਿਸ ਕਾਰਨ ਕਾਰਵਾਈ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ। ਅਸਲ 'ਚ ਮਾਹੌਲ ਉਸ ਸਮੇਂ ਦੁਬਾਰਾ ਗਰਮਾ ਗਿਆ, ਜਦੋਂ ਰਾਹੁਲ ਗਾਂਧੀ ਨੇ ਇਕ ਵਾਰ ਫ਼ਿਰ ਤੋਂ ਸਾਬਕਾ ਜਨਰਲ ਐੱਮ.ਐੱਮ. ਨਰਵਣੇ ਦੀ ਅਣ ਪ੍ਰਕਾਸ਼ਿਤ ਕਿਤਾਬ ਬਾਰੇ ਬੋਲਣਾ ਸ਼ੁਰੂ ਕੀਤਾ। ਉਨ੍ਹਾਂ ਨੂੰ ਕੱਲ ਵਾਂਗ ਇਕ ਵਾਰ ਫਿਰ ਤੋਂ ਸਪੀਕਰ ਵੱਲੋਂ ਅਜਿਹਾ ਕਰਨ ਤੋਂ ਰੋਕਿਆ ਗਿਆ, ਕਿਉਂਕਿ ਨਿਯਮਾਂ ਅਨੁਸਾਰ ਲੋਕ ਸਭਾ 'ਚ ਬਿਨਾਂ ਕਿਸੇ ਅਣ ਪ੍ਰਕਾਸ਼ਿਤ ਜਾਂ ਅਨਵੈਰੀਫਾਈਡ ਸੋਰਸ ਨੂੰ ਆਧਾਰ ਬਣਾ ਕੇ ਇੱਥੇ ਕੋਈ ਵੀ ਮੁੱਦਾ ਨਹੀਂ ਉਠਾਇਆ ਜਾ ਸਕਦਾ।
ਇਸ ਵਾਰ ਜਦੋਂ ਰਾਹੁਲ ਗਾਂਧੀ ਨੂੰ ਸਪੀਕਰ ਕ੍ਰਿਸ਼ਨਾ ਪ੍ਰਸਾਦ ਤੈਨੇਟੀ ਨੇ ਰੋਕਿਆ ਤਾਂ ਰਾਹੁਲ ਦੇ ਸਮਰਥਕਾਂ ਵੱਲੋਂ ਤਿੱਖੀ ਬਹਿਸਬਾਜ਼ੀ ਕੀਤੀ ਗਈ ਤੇ ਮਾਹੌਲ ਇੰਨਾ ਗਰਮਾ ਗਿਆ ਕਿ ਕੁਝ ਸੰਸਦ ਮੈਂਬਰਾਂ ਨੇ ਸਪੀਕਰ ਵੱਲ ਪੇਪਰ ਵਗ੍ਹਾ ਕੇ ਮਾਰ ਦਿੱਤੇ, ਜਿਸ ਮਗਰੋਂ ਕਾਰਵਾਈ ਨੂੰ ਦੁਬਾਰਾ ਮੁਲਤਵੀ ਕਰਨਾ ਪਿਆ।
ਸੰਸਦ 'ਚ ਹੋਈ ਇਸ ਘਟਨਾ ਮਗਰੋਂ ਭਾਜਪਾ ਸਾਂਸਦ ਤੇ ਕੈਬਨਿਟ ਮੰਤਰੀ ਕਿਰਨ ਰਿਜਿਜੂ ਨੇ ਇਨ੍ਹਾਂ ਮੈਂਬਰਾਂ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਸਪੀਕਰ ਨੇ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਡੀਨ ਕੁਰਿਆਕੋਸ, ਕਿਰਣ ਕੁਮਾਰ ਰੈੱਡੀ, ਵੈਂਕਟ ਰਮਨ, ਮਣਿਕਮ ਕਿਸ਼ੋਰ, ਪ੍ਰਸ਼ਾਂਤ ਪਡੋਲੇ ਤੇ ਹਿਬੀ ਈਡਨ ਨੂੰ ਸੰਸਦ ਦੇ ਬਾਕੀ ਸੈਸ਼ਨ ਲਈ ਸਸਪੈਂਡ ਕਰ ਦਿੱਤਾ ਗਿਆ ਹੈ।