ਲੁਧਿਆਣਾ: ਹਨੀ ਬਾਂਸਲ ਕਤਲ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ, 5 ਮੁਲਜ਼ਮ ਗ੍ਰਿਫ਼ਤਾਰ।

ਲੁਧਿਆਣਾ: ਹਨੀ ਬਾਂਸਲ ਕਤਲ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ, 5 ਮੁਲਜ਼ਮ ਗ੍ਰਿਫ਼ਤਾਰ।

ਲੁਧਿਆਣਾ ਦੇ ਥਾਣਾ ਦਰੇਸੀ ਵਿਚ ਪੁਰਾਣੀ ਰੰਜਿਸ਼ ਦੇ ਚੱਲਦਿਆਂ 6-7 ਬਦਮਾਸ਼ਾਂ ਨੇ 2 ਦੋਸਤਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਵਾਰਦਾਤ ਵਿਚ ਹਨੀ ਬਾਂਸਲ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਸਾਥੀ ਪਵਨ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ।

ਇਸ ਮਾਮਲੇ ਵਿਚ ਵੱਡੀ ਕਾਰਵਾਈ ਹੁਣ ਪੁਲਿਸ ਵੱਲੋਂ ਕੀਤੀ ਗਈ ਹੈ। ਪੁਲਿਸ ਨੇ ਕਤਲ ਮਾਮਲੇ ਵਿਚ ਸ਼ਾਮਲ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਤਲ ਦੇ ਕੁਝ ਹੀ ਘੰਟਿਆਂ ਮਗਰੋਂ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਇਨ੍ਹਾਂ ਦੀ ਉਮਰ 30 ਤੋਂ 33 ਸਾਲ ਦੇ ਵਿਚ ਹੈ। ਮੁਲਜ਼ਮਾਂ ਦੀ ਪਛਾਣ ਰਾਹੁਲ, ਪ੍ਰਿੰਸ, ਮਨੀ, ਖੋਚਾ ਤੇ ਗੌਰਵ ਵਜੋਂ ਹੋਈ ਹੈ।

ਦੱਸ ਦੇਈਏ ਕਿ ਬੀਤੀ ਰਾਤ ਲਗਭਗ 12.30 ਵਜੇ ਹਨੀ ਬਾਂਸਲ ਦਾ ਕੁਝ ਬਦਮਾਸ਼ਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਹਨੀ ਬਾਂਸਲ ਦਾ ਕੁਝ ਨੌਜਵਾਨਾਂ ਦੇ ਨਾਲ ਪੁਰਾਣੀ ਰੰਜਿਸ਼ ਸੀ। ਵਾਰਦਾਤ ਵਾਲੇ ਦਿਨ ਦੁਪਹਿਰ ਸਮੇਂ ਹੀ ਸੋਸ਼ਲ ਮੀਡੀਆ ਦੇ ਕੁਝ ਗਰੁੱਪਾਂ ਵਿਚ ਮੈਸੇਜ ਪਾ ਕੇ ਹਨੀ ਨੂੰ ਸ਼ਰੇਆਮ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਤੇ ਰਾਤ ਹੁੰਦੇ ਹੀ ਹਮਲਾਵਰਾਂ ਨੇ ਧਮਕੀ ਨੂੰ ਖੂਨੀ ਅੰਜਾਮ ਦੇ ਦਿੱਤਾ।

ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਦਰੇਸੀ ਤੋਂ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤੇ ਘਟਨਾ ਵਾਲੀ ਥਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਪੁਲਿਸ ਨੇ ਸਾਰੇ ਤੱਥਾਂ ਨੂੰ ਆਧਾਰ ਬਣਾ ਕੇ ਰੰਜਿਸ਼ ਦੇ ਹਰ ਪਹਿਲੂ ਦੀ ਜਾਂਚ ਕੀਤੀ ਤੇ ਕੁਝ ਹੀ ਘੰਟਿਆਂ ਵਿਚ ਕਤਲ ਵਿਚ ਸ਼ਾਮਲ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।