- Updated: November 27, 2026 12:58 PM
ਕੈਨੇਡਾ ਵਿੱਚ ਵਪਾਰੀਆਂ ਨੂੰ ਡਰਾ-ਧਮਕਾ ਕੇ ਪੈਸੇ ਵਸੂਲਣ ਦੇ ਵਧਦੇ ਮਾਮਲਿਆਂ 'ਤੇ ਪੁਲਿਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਮਾਮਲੇ ਵਿੱਚ ਬ੍ਰੈਂਪਟਨ ਦੇ ਰਹਿਣ ਵਾਲੇ 29 ਸਾਲਾ ਪੰਜਾਬੀ ਮੂਲ ਦੇ ਨੌਜਵਾਨ ਜਸਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ 'ਤੇ ਇੱਕ ਕਾਰੋਬਾਰੀ ਕੋਲੋਂ ਫਿਰੌਤੀ ਮੰਗਣ ਅਤੇ ਮੰਗ ਪੂਰੀ ਨਾ ਹੋਣ 'ਤੇ ਉਸ ਦੀ ਜਾਇਦਾਦ ਨੂੰ ਅੱਗ ਦੇ ਹਵਾਲੇ ਕਰਨ ਦੇ ਗੰਭੀਰ ਦੋਸ਼ ਲੱਗੇ ਹਨ।
ਅਪ੍ਰੈਲ ਤੋਂ ਮਿਲ ਰਹੀਆਂ ਸਨ ਧਮਕੀਆਂ, 1 ਲੱਖ ਡਾਲਰ ਦਾ ਨੁਕਸਾਨ
ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਪੀੜਤ ਵਪਾਰੀ ਨੂੰ ਅਪ੍ਰੈਲ ਮਹੀਨੇ ਤੋਂ ਹੀ ਲਗਾਤਾਰ ਫ਼ੋਨ ਕਰਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸ ਦੇ ਪਰਿਵਾਰ, ਘਰ ਅਤੇ ਕਾਰੋਬਾਰ ਨੂੰ ਤਬਾਹ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸੇ ਦੌਰਾਨ 5 ਸਤੰਬਰ ਨੂੰ ਤੜਕਸਾਰ ਕਰੀਬ 4:45 ਵਜੇ ਪੁਲਿਸ ਨੂੰ ਕਾਰੋਬਾਰੀ ਦੇ ਅਦਾਰੇ ਵਿੱਚ ਅੱਗ ਲੱਗਣ ਦੀ ਇਤਲਾਹ ਮਿਲੀ।
ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਕਿਸੇ ਨੇ ਗੈਰੇਜ ਦੇ ਦਰਵਾਜ਼ੇ ਕੋਲ ਪੈਟਰੋਲ ਵਰਗਾ ਜਲਣਸ਼ੀਲ ਪਦਾਰਥ ਛਿੜਕ ਕੇ ਅੱਗ ਲਗਾ ਦਿੱਤੀ ਸੀ। ਇਸ ਘਟਨਾ ਵਿੱਚ ਕਾਰੋਬਾਰੀ ਦੀ ਇਮਾਰਤ ਅਤੇ ਨੇੜੇ ਖੜ੍ਹੀਆਂ ਗੱਡੀਆਂ ਸੜ ਕੇ ਸੁਆਹ ਹੋ ਗਈਆਂ, ਜਿਸ ਨਾਲ ਤਕਰੀਬਨ 1 ਲੱਖ ਕੈਨੇਡੀਅਨ ਡਾਲਰ ਦਾ ਮਾਲੀ ਨੁਕਸਾਨ ਹੋਇਆ। ਇਸੇ ਕੜੀ ਨੂੰ ਜੋੜਦਿਆਂ ਪੁਲਿਸ ਨੇ ਜਸਜੀਤ ਸਿੰਘ ਨੂੰ ਦਬੋਚ ਲਿਆ ਅਤੇ ਉਸ ਖ਼ਿਲਾਫ਼ ਜਬਰੀ ਵਸੂਲੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਅਪਰਾਧੀਆਂ 'ਤੇ ਸਖ਼ਤੀ: 111 ਲੋਕਾਂ ਨੂੰ ਕੈਨੇਡਾ 'ਚੋਂ ਕੱਢਿਆ ਬਾਹਰ
ਫਿਰੌਤੀ ਅਤੇ ਹਿੰਸਕ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਕੈਨੇਡਾ ਸਰਕਾਰ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ। 'ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ' (CBSA) ਦੇ ਸਤੰਬਰ ਮਹੀਨੇ ਦੇ ਅੰਕੜਿਆਂ ਮੁਤਾਬਕ, ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ 188 ਵਿਅਕਤੀਆਂ ਨੂੰ ਦੇਸ਼ ਛੱਡਣ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 111 ਨੂੰ ਡਿਪੋਰਟ ਕਰਕੇ ਵਾਪਸ ਭੇਜਿਆ ਜਾ ਚੁੱਕਾ ਹੈ। ਇਕੱਲੇ ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ 50 ਲੋਕਾਂ ਖ਼ਿਲਾਫ਼ ਡਿਪੋਰਟੇਸ਼ਨ ਦੇ ਹੁਕਮ ਨਿਕਲੇ ਅਤੇ 23 ਨੂੰ ਦੇਸ਼ 'ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ।
ਕਪਿਲ ਸ਼ਰਮਾ ਦੇ ਕੈਫੇ 'ਤੇ ਫਾਇਰਿੰਗ ਮਾਮਲੇ 'ਚ ਵੀ ਹੋਈਆਂ ਗ੍ਰਿਫ਼ਤਾਰੀਆਂ
ਦੂਜੇ ਪਾਸੇ, ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਫਿਰੌਤੀ ਵਿਰੋਧੀ ਟਾਸਕ ਫੋਰਸ ਨੇ ਇਸੇ ਮਹੀਨੇ ਦੋ ਮੁਲਜ਼ਮਾਂ 22 ਸਾਲਾ ਪ੍ਰਦੀਪ ਸਿੰਘ ਅਤੇ ਸਵੀਰ ਖ਼ਾਨ—ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਵਾਂ 'ਤੇ ਅਕਤੂਬਰ 2025 ਵਿੱਚ ਸਰੀ ਵਿਖੇ ਹੋਈਆਂ ਗੋਲੀਬਾਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। 12 ਅਕਤੂਬਰ ਨੂੰ ਸਰੀ ਦੇ ਇੱਕ ਘਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਵਿੱਚ ਇੱਕ ਔਰਤ ਜ਼ਖ਼ਮੀ ਹੋਈ ਸੀ। ਇਸ ਦੇ ਚਾਰ ਦਿਨ ਬਾਅਦ 16 ਅਕਤੂਬਰ ਨੂੰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ 'ਕੈਪਸ ਕੈਫੇ' ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਗਈ ਸੀ। ਹਾਲਾਂਕਿ ਉਸ ਵੇਲੇ ਕੈਫੇ ਬੰਦ ਸੀ ਅਤੇ ਅੰਦਰ ਮੌਜੂਦ ਦੋਵੇਂ ਮੁਲਾਜ਼ਮ ਵਾਲ-ਵਾਲ ਬਚ ਗਏ ਸਨ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਲਾਪਰਵਾਹੀ ਨਾਲ ਹਥਿਆਰ ਚਲਾਉਣ ਦੇ ਦੋਸ਼ ਆਇਦ ਕੀਤੇ ਹਨ।