ਅਰਧ-ਨਗਨ ਹਾਲਤ ਵਿੱਚ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ

ਅਰਧ-ਨਗਨ ਹਾਲਤ ਵਿੱਚ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ

ਸਥਾਨਕ ਅਨਾਜ ਮੰਡੀ ’ਚ ਬਣੀ ਮਾਰਕੀਟ ਕਮੇਟੀ ਦੇ ਪਿੱਛੇ ਕਮੇਟੀ ਵੱਲੋਂ ਬਣਾਈਆਂ ਗਈਆਂ ਦੁਕਾਨਾਂ ਵਿਚੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਅੱਧ ਨਗਨ ਹਾਲਤ ’ਚ ਮਿਲਣ ’ਤੇ ਸਨਸਨੀ ਫੈਲ ਗਈ। ਮ੍ਰਿਤਕ ਦੇ ਸਰੀਰ ’ਤੇ ਸਿਰਫ਼ ਇਕ ਬਨਿਆਨ ਸੀ, ਜਦਕਿ ਉਸ ਦੀ ਕਮੀਜ਼, ਪੈਂਟ ਅਤੇ ਜੈਕੇਟ ਦੁਕਾਨਾਂ ਤੋਂ ਕੁਝ ਦੂਰੀ 'ਤੇ ਖਾਲੀ ਜਗਹਾ ’ਤੇ ਪਈ ਮਿਲੀ। ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮੌਤ ਨੇ ਕਈ ਤਰ੍ਹਾਂ ਦੀਆਂ ਅਟਕਲਾਂ ਪੈਦਾ ਕਰ ਦਿੱਤੀਆਂ ਹਨ। ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਜਾਣਕਾਰੀ ਮੁਤਾਬਕ ਅੱਜ ਸਵੇਰੇ ਅਨਾਜ ਮੰਡੀ ਦੇ ਪਿੱਛੇ ਇਕ ਰਾਹਗੀਰ ਲੰਘ ਰਿਹਾ ਸੀ ਤਾਂ ਉਸ ਨੇ ਮਾਰਕੀਟ ਕਮੇਟੀ ਦੀਆਂ ਦੁਕਾਨਾਂ ’ਚ ਇਕ ਨੌਜਵਾਨ ਦੀ ਲਾਸ਼ ਪਈ ਵੇਖੀ। ਨੌਜਵਾਨ ਨੂੰ ਇਸ ਹਾਲਤ 'ਚ ਵੇਖ ਕੇ ਉਸ ਨੇ ਤੁਰੰਤ ਏਰੀਆ ਕੌਂਸਲਰ ਨਿਰਮਲਜੀਤ ਰਿਚੀ ਨੂੰ ਸੂਚਿਤ ਕੀਤਾ। ਕੌਂਸਲਰ ਨੇ ਤੁਰੰਤ ਸਿਟੀ ਨੰਬਰ 1 ਪੁਲਸ ਸਟੇਸ਼ਨ ਦੀ ਪੁਲਸ ਨੂੰ ਸੂਚਿਤ ਕੀਤਾ।

ਸੂਚਨਾ ਮਿਲਣ ’ਤੇ ਥਾਣਾ ਇੰਚਾਰਜ ਪਰਮਜੀਤ ਕੁਮਾਰ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ। ਮੌਕੇ ਦਾ ਮੁਆਇਨਾ ਕਰਨ ’ਤੇ ਪੁਲਸ ਨੂੰ ਨੌਜਵਾਨ ਦੀ ਲਾਸ਼ ਅੱਧ ਨਗਨ ਹਾਲਤ ’ਚ ਪਈ ਮਿਲੀ। ਆਲੇ-ਦੁਆਲੇ ਦੀ ਤਲਾਸ਼ੀ ਲੈਣ ’ਤੇ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਜਿਸ ਨਾਲ ਮੌਤ ਦੇ ਕਾਰਨ ਦਾ ਤੁਰੰਤ ਪਤਾ ਲੱਗ ਸਕੇ। ਮ੍ਰਿਤਕ ਦੀ ਉਮਰ ਲੱਗਭਗ 32 ਸਾਲ ਦੱਸੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਕਮੀਜ਼, ਪੈਂਟ ਅਤੇ ਜੈਕੇਟ ਘਟਨਾ ਸਥਾਨ ਤੋਂ ਕੁਝ ਦੂਰੀ ’ਤੇ ਖਾਲੀ ਜਗ੍ਹਾ ’ਤੇ ਪਈਆਂ ਮਿਲੀਆਂ। ਹਾਲਾਂਕਿ ਨੌਜਵਾਨ ਕਿਸ ਹਾਲਾਤ ’ਚ ਆਇਆ ਅਤੇ ਉਸ ਦੀ ਮੌਤ ਕਿਵੇਂ ਹੋਈ, ਇਹ ਇਕ ਰਹੱਸ ਬਣਿਆ ਹੋਇਆ ਹੈ। ਮੁੱਢਲੇ ਅੰਦਾਜ਼ੇ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਮੌਤ ਲੱਗਭਗ ਇਕ ਦਿਨ ਪਹਿਲਾਂ ਹੋਈ ਹੋ ਸਕਦੀ ਹੈ। ਥਾਣਾ ਇੰਚਾਰਜ ਪਰਮਜੀਤ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਰਨ ਅਤੇ ਪੋਸਟਮਾਰਟਮ ਪੂਰਾ ਕਰਨ ਲਈ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ। ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗਾ। ਪੁਲਸ ਫਿਲਹਾਲ ਮ੍ਰਿਤਕ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।