- Updated: August 25, 2026 01:10 PM
ਲੁਧਿਆਣਾ ਨਗਰ ਨਿਗਮ ਹਾਊਸ ਵਿਚ ਅੱਜ ਫਾਈਨਾਂਸ ਐਂਡ ਕਾਂਟ੍ਰੈਕਟ ਕਮੇਟੀ ਦੇ 2 ਮੈਂਬਰਾਂ ਦਾ ਚੋਣ ਲਈ ਰੱਖੀ ਮੀਟਿੰਗ ਵਿਚ ਹੰਗਾਮਾ ਹੋ ਗਿਆ। ਮੇਅਰ ਇੰਦਰਜੀਤ ਕੌਰ ਦੀ ਅਗਵਾਈ ਵਿਚ ਇਹ ਮੀਟਿੰਗ ਗੁਰੂ ਨਾਨਕ ਦੇਵ ਭਵਨ ਵਿਚ ਰੱਖੀ ਗਈ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰ ਅਸ਼ਵਨੀ ਸ਼ਰਮਾ ਤੇ ਭਾਜਪਾ ਕੌਂਸਲਰ ਗੌਰਵਜੀਤ ਗੋਰਾ ਦੀ ਹੱਥੋਂਪਾਈ ਹੋ ਗਈ।
ਮੈਂਬਰਾਂ ਦੀ ਚੋਣ ਨੂੰ ਲੈ ਕੇ ਭਾਜਪਾ ਕੌਂਸਲਰਾਂ ਦੀ ਵਿਧਾਇਕ ਦਲਜੀਤ ਭੋਲਾ ਨਾਲ ਬਹਿਸ ਹੋ ਰਹੀ ਸੀ। ਇਸ ਨਾਲ ਗੁੱਸੇ ਵਿਚ ਆ ਕੇ ਵਿਧਾਇਕ ਭੇਲਾ ਦੇ ਪੀਏ ਰਹੇ ਕੌਂਸਲਰ ਅਸ਼ਵਨੀ ਸ਼ਰਮਾ ਲੜਨ ਲਈ ਪਹੁੰਚ ਗਏ। ਵਿਰੋਧੀ ਕੌਂਸਲਰ ਅੱਜ ਹੀ ਵੋਟਿੰਗ ਕਰਾਉਣ ‘ਤੇ ਅੜੇ ਹੋਏ ਹਨ ਪਰ ਮੇਅਰ ਦਾ ਕਹਿਣਾ ਹੈ ਕਿ 29 ਅਗਸਤ ਨੂੰ ਵੋਟਿੰਗ ਹੋਵੇਗੀ। ਵਿਰੋਧੀਆਂ ਦਾ ਦੋਸ਼ ਹੈ ਕਿ ‘ਆਪ’ ਦੇ ਉਮੀਦਵਾਰ ਅੱਜ ਇਥੇ ਮੌਜੂਦ ਨਹੀਂ, ਇਸੇ ਵਜ੍ਹਾ ਤੋਂ ਚੋਣਾਂ ਵਿਚ ਦੇਰੀ ਕੀਤੀ ਜਾ ਰਹੀ ਹੈ। ਇਸ ਦੇ ਜਵਾਬ ਵਿਚ ਨਿਗਮ ਦੀ ਸੈਕ੍ਰੇਟਰੀ ਵਿਵੇਕ ਵਰਮਾ ਨੇ ਕਿਹਾ ਕਿ 5 ਵਜੇ ਤਕ ਫਾਰਮ ਲੈ ਸਕਦੇ ਹਨ। ਨਿਯਮ ਮੁਤਾਬਕ 3 ਦਿਨ ਬਾਅਦ ਵੋਟਿੰਗ ਹੋਵੇਗੀ।
ਦੂਜੇ ਪਾਸੇ ਭਾਜਪਾ ਕੌਂਸਲਰਾਂ ਨੇ ਕਿਹਾ ਕਿ ਅਸੀਂ ਹੱਥ ਖੜ੍ਹੇ ਕਰਕੇ ਵੋਟ ਕਰਾਂਗੇ। ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਨ ਵਾਲੇ ਕਾਂਗਰਸ ਕੌਂਸਲਰ ਗੌਰਵ ਭੱਟੀ ਨੇ ਕਿਹਾ ਕਿ ਹਾਈਕੋਰਟ ਨੇ 25 ਅਗਸਤ ਨੂੰ ਨਵੇਂ ਮੈਂਬਰਾਂ ਦੀ ਚੋਣ ਲਈ ਕਿਹਾ ਹੈ ਨਾ ਕਿ ਪ੍ਰਕਿਰਿਆ ਸ਼ੁਰੂ ਕਰਨ ਲਈ। ਇਸ ਲਈ ਮੈਂਬਰਾਂ ਲਈ ਵੋਟਿੰਗ ਅੱਜ ਹੀ ਹੋਣੀ ਚਾਹੀਦੀ ਹੈ। ਹੰਗਾਮੇ ਦੇ ਬਾਅਦ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ।
ਦੱਸ ਦੇਈਏ ਕਿ ਨਿਗਮ ਹਾਊਸ ਵਿਚ ਕੌਂਸਲਰਾਂ ਦੀ ਗਿਣਤੀ ਨੂੰ ਦੇਖਦੇ ਹੋਏ ਆਪ ਦੇ ਇਕ ਕੌਂਸਲਰ ਦਾ ਜਿੱਤਣਾ ਤੈਅ ਮੰਨਿਆ ਜਾ ਰਿਹਾ ਹੈ ਜਦੋਂ ਕਿ ਦੂਜੇ ਮੈਂਬਰ ਲਈ ‘ਆਪ’ ਕਾਂਗਰਸ ਤੇ ਭਾਜਪਾ ਦੇ ਵਿਚ ਟੱਕਰ ਹੋਵੇਗੀ। ਕਾਂਗਰਸੀ ਕੌਂਸਲਰ ਨੇ ਕਿਹਾ ਕਿ ਮੇਅਰ ਤੇ ਕਮਿਸ਼ਨਰ ਨੇ ਜੇਕਰ ਮਿਊਂਸਪਲ ਐਕਟ ਦਾ ਉਲੰਘਣ ਕਰਕੇ ਚੋਣ ਕਰਵਾਇਆ ਤਾਂ ਫਿਰ ਤੋਂ ਹਾਈਕੋਰਟ ਦਾ ਰੁਖ਼ ਕਰਨਗੇ। ਉਨ੍ਹਾਂ ਨੇ ਮੇਅਰ ਤੇ ਕਮਿਸ਼ਨਰ ਨੂੰ ਸਪੱਸ਼ਟ ਕਿਹਾ ਕਿ ਚੋਣ ਪ੍ਰਕਿਰਿਆ ਨਿਯਮਾਂ ਤਹਿਤ ਹੀ ਪੂਰੀ ਕੀਤੀ ਜਾਵੇ।