ਬਿਕਰਮ ਮਜੀਠੀਆ ਜ਼ਮਾਨਤ ਮਿਲਣ ਤੋਂ ਬਾਅਦ ਸਾਹਮਣੇ ਆਏ ਤੇ ਕਿਹਾ," ਸੱਚ ਨੂੰ ਹਰਾਇਆ ਨਹੀਂ ਜਾ ਸਕਦਾ"

ਬਿਕਰਮ ਮਜੀਠੀਆ ਜ਼ਮਾਨਤ ਮਿਲਣ ਤੋਂ ਬਾਅਦ ਸਾਹਮਣੇ ਆਏ ਤੇ ਕਿਹਾ,

ਮਾਣਯੋਗ ਅਦਾਲਤ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਸਾਹਮਣੇ ਆ ਗਏ ਹਨ। ਵੀਡੀਓ ਜਾਰੀ ਕਰਦਿਆਂ ਮਜੀਠੀਆ ਨੇ ਕਿਹਾ ਕਿ ਸੱਚ ਨੂੰ ਚਾਹੇ ਕੁਝ ਸਮੇਂ ਲਈ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਸੱਚ ਨੂੰ ਹਰਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਮਾਣਯੋਗ ਅਦਾਲਤ ਵੱਲੋਂ ਜ਼ਮਾਨਤ ਮਿਲਣ ਨਾਲ ਇੱਕ ਵਾਰ ਫਿਰ ਸੱਚਾਈ ਦੀ ਜਿੱਤ ਹੋਈ ਹੈ। ਇਸ ਮੁਸ਼ਕਿਲ ਸਮੇਂ ਦੌਰਾਨ ਗੁਰੂ ਸਾਹਿਬ ਦੀ ਅਪਾਰ ਕਿਰਪਾ ਅਤੇ ਹਰ ਸੱਜਣ ਅਤੇ ਸਾਥੀ ਦੇ ਸਹਿਯੋਗ ਲਈ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸੱਚ ਦਾ ਸਾਥ ਦਿੱਤਾ ਹੈ। ਮਜੀਠੀਆ ਨੇ ਕਿਹਾ ਗੁਰੂ ਸਾਹਿਬ ਨੇ ਹਰ ਕਦਮ 'ਤੇ ਆਪਣੀ ਮਿਹਰ ਬਣਾਈ ਰੱਖੀ ਅਤੇ ਚੜ੍ਹਦੀ ਕਲਾ ਬਖ਼ਸ਼ੀ ਹੈ, ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਉਹ ਹਮੇਸ਼ਾ ਸੱਚ, ਇਨਸਾਫ਼ ਅਤੇ ਹੌਂਸਲੇ ਦੇ ਰਾਹ 'ਤੇ ਚੱਲਣ ਦੀ ਹਿੰਮਤ ਬਖ਼ਸ਼ਣ।

ਮਜੀਠੀਆ ਨੇ ਅੱਗੇ ਕਿਹਾ ਕਿ ਲੜਾਈ ਭਾਵੇਂ ਔਖੀ ਸੀ ਪਰ ਗੁਰੂ ਸਾਹਿਬ ਦਾ ਹੱਥ ਹਮੇਸ਼ਾ ਸਿਰ 'ਤੇ ਰਿਹਾ ਹੈ ਅਤੇ ਉਨ੍ਹਾਂ ਨੇ ਸਬਰ, ਸੰਤੋਖ, ਚੜਦੀਕਲਾ 'ਚ ਰੱਖਿਆ ਹੈ। ਉਨ੍ਹਾਂ ਕਿਹਾ ਕੱਲ੍ਹ ਮਾਣਯੋਗ ਅਦਾਲਤ ਦਾ ਫੈਸਲਾ ਦਾਸ ਦੇ ਹੱਕ 'ਚ ਆਇਆ ਤੇ ਜ਼ਮਾਨਤ ਮਿਲੀ ਹੈ। ਉਨ੍ਹਾਂ ਕਿਹਾ ਭਾਵੇਂ ਮੇਰੇ 'ਤੇ ਹਰ ਕਿਸਮ ਦਾ ਪਰਚਾ ਹੋਇਆ, ਪਰ ਉਸ ਦਿਨ ਜੋ ਵੀ ਕੀਤਾ ਆਪਣੀ ਜ਼ਿੰਮੇਵਾਰੀ ਸਮਝ ਕੇ ਕੀਤਾ। ਉਨ੍ਹਾਂ ਕਿਹਾ ਗੱਲ ਇਕੱਲੀ ਜੋਬਨ ਦੀ ਹੀ ਨਹੀਂ ਸੀ, ਅਜਿਹੇ ਬਹੁਤ ਲੋਕ ਹਨ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਹੈ। ਉਨ੍ਹਾਂ ਕਿਹਾ ਜਿਨ੍ਹਾਂ ਲੋਕਾਂ ਨੇ ਮੇਰਾ ਸਾਥ ਦਿੱਤਾ ਸੀ ਅਤੇ ਮੇਰਾ ਵੀ ਫਰਜ਼ ਨਿਭਾਉਣਾ ਬਣਦਾ ਸੀ। 

ਮਜੀਠੀਆ ਨੇ ਕਿਹਾ ਗੁਰੂ ਸਾਹਿਬ ਦੀ ਕਚਹਿਰੀ 'ਚ ਹਮੇਸ਼ਾ ਜਰਨੈਲਾਂ ਦਾ ਮੁਲ ਪਿਆ ਹੈ। ਉਨ੍ਹਾਂ ਕਿਹਾ ਮੇਰੇ ਕਰ ਕੇ ਕਈ ਸਾਥੀਆਂ ਨੂੰ ਮੁਸ਼ਕਿਲ ਵੀ ਆਈ ਹੈ, ਇਸ ਵਾਸਤੇ ਮੁਆਫੀ ਮੰਗਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਤਿਹਾਸ 'ਚ ਇਹ ਗੱਲ ਹਮੇਸ਼ਾ ਯਾਦ ਰਹੇਗੀ ਕਿ ਕਿਸੇ ਨਾਲ ਬੇਇਨਸਾਫੀ ਲਈ ਤੂਸੀਂ ਆਵਾਜ਼ ਬੁਲੰਦ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਗੁਰੂ ਸਾਹਿਬ, ਮਾਨਯੋਗ ਅਦਾਲਤ ਅਤੇ ਵਕੀਲ ਸਾਹਿਬਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਗੁਰੂ ਸਾਹਿਬ ਹਮੇਸ਼ਾ ਹੀ ਮੈਨੂੰ ਬਲ ਦੇਣ ਤਾਂ ਕਿ ਹੱਕ ਸੱਚ ਲਈ ਲੜਨ ਤੋਂ ਡਰਾ ਨਾ ਅਤੇ ਜਿੱਤ ਹਮੇਸ਼ਾ ਸੱਚਾਈ ਦੀ ਹੋਵੇਗੀ।

ਮਜੀਠੀਆ ਨੇ ਅੱਗੇ ਬੋਲਦਿਆ ਕਿਹਾ ਕੱਲ੍ਹ ਮੇਰਾ ਫੈਸਲਾ ਆਇਆ ਅਤੇ ਨਾਲ ਹੀ ਅਕਾਲ ਤਖ਼ਤ ਸਾਹਿਬ ਵੱਲੋਂ ਫੈਸਲਾ ਆਇਆ ਹੈ, ਪਰ ਇਸ ਬਾਰੇ ਫਿਰ ਗੱਲ ਕਰਾਂਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਰੰਗੇ ਬਿੱਲੇ ਨੂੰ ਇਕੋ ਗੱਲ ਕਹਿ ਦਿਓ ਟਾਈਗਰ ਅਜੇ ਜਿਉਂਦਾ ਹੈ, ਜਦ ਤੱਕ ਅਖੀਰਲੀ ਗੋਲੀ ਨਹੀਂ ਵੱਜ ਜਾਂਦੀ ਉਦੋਂ ਤੱਕ ਇਹ ਆਵਾਜ਼ ਹੱਕ ਸੱਚ ਲਈ ਲੜਦੀ ਰਹੇਗੀ।